ਜਗਰਾਓ, 16 ਮਾਰਚ (ਹਿੰ. ਸ.)। ਲੁਧਿਆਣਾ ਦਿਹਾਤੀ ਪੁਲਸ ਵੱਲੋਂ ਰਾਣੀ ਝਾਂਸੀ ਚੌਂਕ, ਜਗਰਾਓ (ਲੁਧਿਆਣਾ) ਨੇੜੇ ਲੱਖੇ ਵਾਲੇ ਜਵੈਲਰਜ਼ ਦੇ ਸ਼ੋਅਰੂਮ ‘ਤੇ ਗੋਲੀਬਾਰੀ ਦੀ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਇੱਕ ਮੁਕਾਬਲੇ ਤੋਂ ਬਾਅਦ ਕੀਤੀ ਗਈ ਹੈ ਜਿਸ ਵਿੱਚ ਦੋਸ਼ੀ ਦੀ ਲੱਤ ‘ਤੇ ਗੋਲੀ ਲੱਗੀ ਸੀ। ਮੁਲਜ਼ਮ ਦੀ ਪਛਾਣ ਕ੍ਰਿਸ਼ਨ ਉਰਫ ਕਾਕੀ ਪੁੱਤਰ ਰਾਜੂ ਵਾਸੀ ਮਲਸੀਆਂ ਵਾਲੀ ਬਸਤੀ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਨੇ ਇੱਕ .32 ਬੋਰ ਦਾ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਇੱਕ ਬਾਈਕ ਵੀ ਬਰਾਮਦ ਕੀਤਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਲੁਧਿਆਣਾ ਦਿਹਾਤੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ 5 ਮਾਰਚ ਨੂੰ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਦੋਸ਼ੀ ਦਾ ਪਿੱਛਾ ਕਰ ਰਹੀਆਂ ਸਨ, ਸੀ. ਆਈ. ਏ. ਲੁਧਿਆਣਾ ਦਿਹਾਤੀ ਅਤੇ ਏ. ਜੀ. ਟੀ. ਐਫ. ਵੱਲੋਂ ਸਾਂਝੇ ਤੌਰ ‘ਤੇ ਖੁਫੀਆ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਗਰਾਉਂ-ਸਿਧਵਾਂ ਬੇਟ ਰੋਡ ਨੇੜੇ ਉਸ ਦੀ ਲੋਕੇਸ਼ਨ ਟਰੈਕ ਕੀਤੀ ਗਈ ਸੀ। ਐਸ. ਐਸ. ਪੀ. ਗੁਪਤਾ ਨੇ ਅੱਗੇ ਦੱਸਿਆ ਕਿ ਪੁਲਿਸ ਪਾਰਟੀ ਨੇ ਉਸਦਾ ਪਿੱਛਾ ਕੀਤਾ ਅਤੇ ਦੋਸ਼ੀ ਵੱਲੋਂ ਆਤਮ ਸਮਰਪਣ ਕਰਨ ਦੀ ਬਜਾਏ, ਉਸਨੇ ਪੁਲਿਸ ਪਾਰਟੀ ‘ਤੇ 3 ਗੋਲੀਆਂ ਦਾਗੀਆਂ, ਜਿਨ੍ਹਾਂ ਵਿਚੋਂ 1 ਪੁਲਿਸ ਦੀ ਗੱਡੀ ਨੂੰ ਲੱਗੀ। ਆਤਮ ਰੱਖਿਆ ਵਿੱਚ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਦੀ ਜਵਾਬੀ ਕਾਰਵਾਈ ਦੌਰਾਨ ਦੋਸ਼ੀ ਦੀ ਸੱਜੀ ਲੱਤ ਵਿੱਚ ਗੋਲੀ ਵੱਜੀ ਅਤੇ ਉਸਨੂੰ ਕਾਬੂ ਕਰ ਲਿਆ ਗਿਆ। ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਥਾਣਾ ਸਿਟੀ ਜਗਰਾਓ ਵਿੱਚ ਧਾਰਾ 125, 61 ਬੀ.ਐਨ.ਐਸ. ਅਤੇ 25 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਅੰਕੁਰ ਗੁਪਤਾ ਨੇ ਦੁਹਰਾਇਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਹਿੰਦੂਸਥਾਨ ਸਮਾਚਾਰ