ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਆਈ ਹੇਠ ਅੱਜ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ ਹੋਈ। ਇਸ ਬੈਠਕ ‘ਚ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ। ਪੰਜਾਬ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੈਠਕ ਤੋਂ ਬਾਅਦ ਅਗਾਮੀ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਦਾ ਇਹ ਇਜਲਾਸ 21 ਮਾਰਚ ਤੋਂ 28 ਮਾਰਚ ਤੱਕ ਚਲੇਗਾ। ਜਿਸ ਵਿੱਚ 22 ਅਤੇ 23 ਤਰੀਕ ਨੂੰ ਛੁੱਟੀ ਰਹੇਗੀ। ਜਿਸ ਤੋਂ ਬਾਅਦ 26 ਮਾਰਚ ਨੂੰ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਜਾਵੇਗਾ।
ਹਰਪਾਲ ਚੀਮਾ ਨੇ ਕਿਹਾ ਕਿ ਬਜਟ ਇਜਲਾਸ ਦੀ ਸ਼ੁਰੂਆਤ ਰਾਜਪਾਲ ਗੁਲਾਬ ਚੰਦ ਕਟਾਰੀਆਂ ਦੇ ਰਸਮੀ ਭਾਸ਼ਣ ਨਾਲ ਹੋਵੇਗੀ। ਇਸ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਤੇ ਧੰਨਵਾਦੀ ਮਤਾ ਆਵੇਗਾ। ਜੇਕਰ ਬਜਟ ਇਜਲਾਸ ਦੇ ਦਿਨ ਵਧਾਉਣ ਦੀ ਲੋੜ ਹੋਈ ਤਾਂ ਸਰਕਾਰ ਦਿਨਾਂ ਵਿੱਚ ਵਾਧਾ ਕਰੇਗੀ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ 40 ਨਵੇਂ ਹੁਨਰ ਸਕੂਲ ਸਥਾਪਤ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ।
ਇਸ ਦੌਰਾਨ ਇਸ ਮੀਟਿੰਗ ‘ਚ ਪੰਜਾਬ ਸਰਕਾਰ ਨੇ ਮੋਟਰ ਵ੍ਹੀਕਲ ਬੋਰਡ ਦੀ ਬੈਠਕ ਵਿੱਚ ਅਹਿਮ ਫੈਸਲਾ ਲਿਆ ਹੈ। ਪੰਜਾਬ ਦੇ ਮੰਤਰੀ-ਵਿਧਾਇਕਾਂ ਦੀਆਂ ਗੱਡੀਆਂ ਹੁਣ ਜ਼ਿਆਦਾ ਚੱਲਣਗੀਆਂ। ਪਹਿਲਾਂ 3 ਲੱਖ ਕਿਲੋਮੀਟਰ ਤੱਕ ਗੱਡੀਆਂ ਚਲਾਈਆਂ ਜਾਂਦੀਆਂ ਸਨ ਪਰ ਹੁਣ 4 ਲੱਖ ਕਿਲੋਮੀਟਰ ਤੱਕ ਸਰਕਾਰੀ ਗੱਡੀਆਂ ਚੱਲਣਗੀਆਂ।