ਪੰਜਾਬੀ ਗਾਇਕ ਸੁਨੰਦਾ ਸ਼ਰਮਾ ਮਾਮਲੇ ‘ਚ ਗ੍ਰਿਫ਼ਤਾਰ ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਪੰਜਾਬ-ਹਰਿਆਣਾ ਹਾਈਕੋਰਟ ਨੇ ਪਿੰਕੀ ਧਾਲੀਵਾਲ ਨੂੰ ਮਾਮਲੇ ‘ਚ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹਾਈਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ‘ਤੇ ਜਾਰੀ ਕੀਤੇ ਹਨ, ਜਿਸ ਵਿੱਚ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰੀ ਨੂੰ ਨਾਜਾਇਜ਼ ਦੱਸਿਆ ਗਿਆ ਸੀ।
ਪਿੰਕੀ ਧਾਲੀਵਾਲ ਵੱਲੋਂ ਵਕੀਲ ਹਰਲਵ ਸਿੰਘ ਰਾਜਪੂਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਅਦਾਕਾਰਾ ਤੇ ਗਾਇਕਾ ਸੁਨੰਦਾ ਸ਼ਰਮਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ‘ਤੇ ਧਾਲੀਵਾਲ ਦੇ ਮੁੰਡੇ ਨੇ ਇਸ ਗ੍ਰਿਫ਼ਤਾਰੀ ਖਿਲਾਫ਼ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ। ਇਸਤੋਂ ਪਹਿਲਾਂ ਧਾਲੀਵਾਲ ਨੂੰ ਦੋ ਦਿਨ ਦਾ ਰਿਮਾਂਡ ਖਤਮ ਹੋਣ ਉਪਰੰਤ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ ਸੀ। ਪੇਸ਼ੀ ਤੋਂ ਪਹਿਲਾਂ ਸੀਆਈਏ ਪੁਲਿਸ ਜਾਂਚ ਲਈ ਪਿੰਕੀ ਧਾਲੀਵਾਲ ਨੂੰ ਮੋਹਾਲੀ ਸੈਕਟਰ-71 ਸਥਿਤ ਉਨ੍ਹਾਂ ਦੇ ਘਰ ਲੈ ਕੇ ਵੀ ਪਹੁੰਚੀ ਸੀ। ਇਸ ਦੌਰਾਨ ਡੀਐਸਪੀ ਤਰਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਵੱਲੋਂ ਧਾਲੀਵਾਲ ਦੇ ਘਰ ਵਿਚੋਂ ਕੁੱਝ ਦਸਤਾਵੇਜ਼ਾਂ ਨੂੰ ਵੀ ਕਬਜ਼ੇ ‘ਚ ਲਿਆ ਗਿਆ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।