ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਠਿੰਡਾ ਪਹੁੰਚ ਗਏ ਹਨ। ਇਸ ਮੌਕੇ ਹਵਾਈ ਅੱਡੇ ‘ਤੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪ੍ਰੋ. ਬਲਜਿੰਦਰ ਕੌਰ, ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਮਨਜੀਤ ਸਿੰਘ ਬਰਾੜ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਸਪੈਸ਼ਲ ਡੀ.ਜੀ.ਪੀ ਜਤਿੰਦਰ ਜੈਨ, ਏ.ਡੀ.ਜੀ.ਪੀ. ਐਸ.ਪੀ.ਐਸ. ਪਰਮਾਰ, ਡੀ.ਆਈ.ਜੀ.ਬਠਿੰਡਾ ਰੇਂਜ ਹਰਜੀਤ ਸਿੰਘ, ਐੱਸ.ਐੱਸ.ਪੀ ਅਮਨੀਤ ਕੌਂਡਲ ਅਤੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਵਲੋਂ ਫੁੱਲਾਂ ਦੇ ਗੁਲਦਸਤੇ ਭੇੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਬਠਿੰਡਾ ਦੇ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ 10ਵੇਂ ਡਿਗਰੀ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿੱਥੇ ਯੂਨੀਵਰਸਿਟੀ ਦੇ ਉੱਪ-ਕੁਲਪਤੀ ਪ੍ਰੋਫ਼ੈਸਰ ਰਾਘਵੇਂਦਰ ਪ੍ਰਸ਼ਾਦ ਤਿਵਾੜੀ ਦੀ ਅਗਵਾਈ ’ਚ ਨਿੱਘਾ ਸਵਾਗਤ ਕੀਤਾ ਗਿਆ। ਯੂਨੀਵਰਸਿਟੀ ਪੁੱਜਣ ’ਤੇ ਪੁਲਸ ਟੁਕੜੀ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਵਾਈਸ ਚਾਂਸਲਰ ਰਾਘਵੇਂਦਰ ਤਿਵਾੜੀ ਨੇ ਕਿਹਾ ਕਿ ਖੋਜ-ਮੁਖੀ ਨੀਤੀ ਅਤੇ ਅਤਿ-ਆਧੁਨਿਕ ਖੋਜ ਬੁਨਿਆਦੀ ਢਾਂਚਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਖੋਜ ਪ੍ਰਾਪਤੀਆਂ ਵੱਲ ਲੈ ਕੇ ਜਾਣ ‘ਚ ਮਦਦਗਾਰ ਸਾਬਤ ਹੋਏ ਹਨ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਪ੍ਰੋ. ਰਾਜ ਕੁਮਾਰ ਨੂੰ ਵਿਜ਼ਿਟਰਸ ਐਵਾਰਡ 2023 (ਜੀਵ ਵਿਗਿਆਨ) ਨਾਲ ਸਨਮਾਨਿਤ ਕੀਤਾ ਗਿਆ।
ਸ਼ਾਮ ਨੂੰ ਮੋਹਾਲੀ ਦੇ ਇੰਡਿਅਨ ਸਕੂਲ ਆਫ਼ ਬਿਜ਼ਨਸ ‘ਚ ਉਨ੍ਹਾਂ ਦੇ ਸਨਮਾਨ ਵਿੱਚ ਸਿਵਿਕ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਰੋਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਤੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਫੇਰੀ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਮੋਹਾਲੀ ‘ਚ 5 ਕਿਲੋਮੀਟਰ ਦੇ ਦਾਇਰੇ ਨੂੰ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਇਸ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਉੱਡਣ ਵਾਲੇ ਆਬਜੈਕਟ ਉਡਾਉਣ ‘ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ, ਮੋਹਾਲੀ ਪੁਲਸ ਵੱਲੋਂ ਟ੍ਰੈਫਿਕ ਰੂਟ ਪਲਾਨ ਵੀ ਜਾਰੀ ਕੀਤਾ ਗਿਆ ਹੈ।