ਗੁਰਦਾਸਪੁਰ, 28 ਫਰਵਰੀ (ਹਿੰ. ਸ.)। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਇਸਤਰੀਆਂ ਦੀਆਂ ਵੋਟਾਂ, ਸਾਰੇ ਯੋਗ ਵਿਅਕਤੀਆਂ ਦੀ ਵੋਟਾਂ ਅਤੇ 18-19 ਸਾਲ ਦੇ ਨਵੇਂ ਵੋਟਰਾਂ ਦੀਆਂ ਵੋਟਾਂ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਜ਼ਿਲ੍ਹਾ ਚੋਣ ਅਧਿਕਾਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ (ਸਿਵਾਏ ਚੋਣ ਹਲਕਾ 4-ਗੁਰਦਾਸਪੁਰ) ਵਿੱਚ ਇਸਤਰੀਆਂ ਦੀਆਂ ਵੋਟਾਂ ਘੱਟ ਬਣੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣ ਹਲਕਿਆਂ ਦੇ ਲਿੰਗ ਅਨੁਪਾਤ ਦੇ ਟੀਚੇ ਪੂਰਾ ਕਰਨ ਲਈ ਬੀ.ਐੱਲ.ਓਜ਼ ਰਾਹੀਂ ਬੂਥ ਵਾਈਜ਼ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਜਿਨ੍ਹਾਂ ਪੋਲਿੰਗ ਬੂਥਾਂ ਤੇ ਇਸਤਰੀ ਵੋਟਾਂ ਘੱਟ ਬਣੀਆਂ ਹਨ, ਉਨ੍ਹਾਂ ਦੀ ਵੋਟਰ ਰਜਿਸਟ੍ਰੇਸ਼ਨ ਉੱਪਰ ਜ਼ੋਰ ਦਿੱਤਾ ਜਾਵੇ। ਇਸ ਦੇ ਨਾਲ ਹੀ ਸਮੂਹ ਚੋਣ ਹਲਕਿਆਂ ਵਿੱਚ ਮਰਦਮਸ਼ੁਮਾਰੀ ਅਤੇ ਵੋਟਰਾਂ ਦੇ ਅੰਕੜਿਆਂ ਵਿੱਚ ਆਏ ਅੰਤਰ ਨੂੰ ਦੂਰ ਕਰਨ ਲਈ ਬੂਥ ਵਾਈਜ਼ ਵਿਸ਼ਲੇਸ਼ਣ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯੋਗ ਵਿਅਕਤੀਆਂ ਦੀਆਂ ਵੋਟਾਂ ਹਾਲੇ ਤੱਕ ਨਹੀਂ ਬਣੀਆਂ, ਬੀ.ਐੱਲ.ਓਜ਼ ਰਾਹੀਂ ਸਬੰਧਿਤ ਬੂਥਾਂ ਤੇ ਸਪੈਸ਼ਲ ਕੈਂਪ ਲਗਾ ਕੇ ਅਤੇ ਡੋਰ ਟੂ ਡੋਰ ਜਾ ਕੇ ਸਬੰਧਿਤ ਵਿਅਕਤੀਆਂ ਦੀਆਂ ਵੋਟਾਂ ਬਣਾਈਆਂ ਜਾਣ ਅਤੇ ਮਰਦਮਸ਼ੁਮਾਰੀ ਅਨੁਸਾਰ ਵੋਟਰ ਰਜਿਸਟ੍ਰੇਸ਼ਨ ਦਾ ਟੀਚਾ ਪੂਰਾ ਕੀਤਾ ਜਾਵੇ। ਜ਼ਿਲ੍ਹਾ ਚੋਣ ਅਧਿਕਾਰੀ ਉਮਾ ਸ਼ੰਕਰ ਗੁਪਤਾ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ 18-19 ਉਮਰ ਦੇ ਬਾਕੀ ਰਹਿੰਦੇ 29057 ਯੁਵਕਾਂ ਦੀ ਵੋਟਰ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਵਿੱਦਿਅਕ ਸੰਸਥਾਵਾਂ/ਪੋਲਿੰਗ ਬੂਥਾਂ ‘ਤੇ ਅਵੇਅਰਨੈੱਸ ਕੈਂਪਾਂ ਰਾਹੀਂ 18-19 ਸਾਲ ਦੇ ਨੌਜਵਾਨ ਵੋਟਰਾਂ ਦੀ 100 ਫ਼ੀਸਦੀ ਵੋਟਰ ਰਜਿਸਟ੍ਰੇਸ਼ਨ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਨਾਗਰਿਕ ਚੋਣ ਕਮਿਸ਼ਨ ਦੇ ਪੋਰਟਲ voterportal.gov.in ‘ਤੇ ਆਨ ਲਾਈਨ ਫਾਰਮ ਵੀ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਪੋਲ ਪ੍ਰਤੀਸ਼ਤਤਾ ਵਧਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਵੋਟਰ ਸੂਚੀ ਨੂੰ ਬਿਨਾਂ ਕਿਸੇ ਤਰੁੱਟੀ ਹੋਰ ਬਿਹਤਰ ਬਣਾਉਣ ਲਈ ਵੋਟਰ ਸੂਚੀਆਂ ਵਿੱਚ ਅਯੋਗ ਵੋਟਰਾਂ ਦੀਆਂ ਵੋਟਾਂ ਦੀ ਕਟੌਤੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਯੋਗ ਵੋਟ ਦੀ ਕਟੌਤੀ ਕੇਵਲ ਫਾਰਮ ਨੰਬਰ 7 ਰਾਹੀਂ ਹੀ ਕੀਤੀ ਜਾ ਸਕਦੀ ਅਤੇ ਵੋਟਾਂ ਦੀ ਕਟੌਤੀ ਸਮੇਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਨਿੱਜੀ ਦੇਖ-ਰੇਖ ਹੇਠ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।
ਹਿੰਦੂਸਥਾਨ ਸਮਾਚਾਰ