ਸ੍ਰੀ ਮੁਕਤਸਰ ਸਾਹਿਬ, 27 ਫ਼ਰਵਰੀ (ਹਿੰ. ਸ.)। ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕੇਂਦਰੀ ਮੰਗਾਂ ਤੇ ਦੇਸ਼ ਭਰ ਵਿੱਚ ਰਾਜਧਾਨੀਆਂ ਚ ਪੱਕੇ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਦਾਣਾ ਮੰਡੀ ਵਾਟਰ ਵਰਕਸ ਮਲੋਟ ਵਿਖੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਪ੍ਰਧਾਨਗੀ ਹੋਈ ਜਿਸ ਵਿਚ ਕੇਂਦਰ ਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਲਾਗੂ ਕਰਵਾਉਣ ਲਈ ਸਮੇਤ ਸਾਰੀਆਂ ਫਸਲਾਂ ਤੇ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਲਈ 5 ਮਾਰਚ ਤੋਂ ਰਾਜਧਾਨੀ ਚੰਡੀਗੜ੍ਹ ’ਚ ਲੱਗਣ ਵਾਲੇ ਇਕ ਹਫ਼ਤਾ ਪੱਕੇ ਮੋਰਚੇ ’ਚ ਸ਼ਾਮਲ ਹੋਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਫ਼ੈਸਲੇ ਅਨੁਸਾਰ 4 ਮਾਰਚ ਤੋਂ ਰਾਸ਼ਨ ਸਮੇਤ ਰਹਿਣ ਲਈ ਸਾਰੇ ਪ੍ਰਬੰਧ ਪੂਰੇ ਕਰਕੇ ਟਰੈਕਟਰ ਟਰਾਲੀਆਂ ਨਾਲ਼ ਕਾਫਲੇ ਰਵਾਨਾ ਕੀਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਸਹਾਇਕ ਸਕੱਤਰ ਗਿੱਦੜਬਾਹਾ ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕਿਸਾਨਾਂ ਨੇ ਦਿੱਲੀ ਬਾਰਡਰਾਂ ਤੇ ਅੰਦੋਲਨ ਰਾਹੀਂ ਤਿੰਨ ਖੇਤੀ ਵਿਰੋਧੀ ਕਾਲ਼ੇ ਕਾਨੂੰਨਾਂ ਨੂੰ ਵਾਪਸ ਕਰਵਾ ਲਿਆ ਸੀ ਪਰ ਰਹਿੰਦੀਆਂ ਮੰਗਾਂ ਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਸਮੇਤ ਸਾਰੀਆਂ ਫਸਲਾਂ ਤੇ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਲਈ ਪੱਕੇ ਮੋਰਚੇ ਤਹਿਤ ਚਾਰ ਮਾਰਚ ਨੂੰ ਰਾਸ਼ਨ ਸਮੇਤ ਟਰੈਕਟਰ ਟਰਾਲੀਆਂ ਦੇ ਕਾਫਲੇ ਪਟਿਆਲਾ ਦੀ ਮਹਿਮਦਪੁਰ ਦਾਣਾ ਮੰਡੀ ਵਿੱਚ ਪੁੱਜਣਗੇ ਜਿਥੋਂ ਇਹ ਕਾਫਲੇ ਸਵੇਰੇ ਚੰਡੀਗੜ੍ਹ ਲਈ ਰਵਾਨਾ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ