ਮੋਹਾਲੀ, 26 ਫਰਵਰੀ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ 1984 ਦਿੱਲੀ ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਫ਼ੈਸਲੇ ਨੂੰ ‘ਨਿਆਂ ਦੀ ਜਿੱਤ’ ਕਿਹਾ ਹੈ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 1984 ਦੀਆਂ ਘਟਨਾਵਾਂ ਨੂੰ “ਸਿੱਖ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਇ” ਦੱਸਦੇ ਹੋਏ ਦਿਤੀ ਗਈ ਸਜ਼ਾ ਨੂੰ “ਕੌਮੀ ਇਨਸਾਫ਼ ਦੀ ਪਹਿਲੀ ਪੜਾਅ” ਐਲਾਨਿਆ।ਪਰਵਿੰਦਰ ਸੋਹਾਣਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਦਿੱਲੀ ਅਦਾਲਤ ਦਾ ਇਹ ਫ਼ੈਸਲਾ ਸਿੱਖ ਕੌਮ ਦੇ 40 ਸਾਲਾਂ ਦੇ ਦਰਦ, ਸੰਘਰਸ਼, ਅਤੇ ਹੌਸਲੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ 1984 ਵਿਚ ਕਾਂਗਰਸ ਦੀ ਸਰਪ੍ਰਸਤੀ ਹੇਠ ਸਿੱਖਾਂ ਦੇ ਖ਼ਿਲਾਫ਼ ਕੀਤੇ ਗਏ ਸੰਗਠਿਤ ਕਤਲੇਆਮ ਨੇ ਸਾਡੇ ਦਿਲਾਂ ‘ਤੇ ਜੋ ਜ਼ਖ਼ਮ ਦਿੱਤੇ, ਉਹ ਅੱਜ ਵੀ ਤਾਜ਼ਾ ਹਨ। ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਇੱਕ ਸਪਸ਼ਟ ਸੰਦੇਸ਼ ਹੈ ਕਿ ਭਾਵੇਂ ਨਿਆਂ ਦੀ ਚੱਕੀ ਹੌਲੀ ਚਲਦੀ ਹੈ, ਪਰ ਇਹ ਜ਼ਰੂਰ ਪਿਸਦੀ ਹੈ।ਪਰਵਿੰਦਰ ਸੋਹਾਣਾ ਨੇ ਕਿਹਾ ਕਿ ਸਿੱਖ ਸਮਾਜ ਇਸ ਮਾਮਲੇ ਵਿਚ ਮੌਤ ਦੀ ਸਜ਼ਾ ਦੀ ਉਮੀਦ ਕਰ ਰਿਹਾ ਸੀ, ਪਰ ਉਨ੍ਹਾਂ ਨੇ ਇਸ ਫ਼ੈਸਲੇ ਨੂੰ “ਇਤਿਹਾਸਕ ਪ੍ਰਾਪਤੀ” ਦੱਸਿਆ।ਉਨ੍ਹਾਂ ਨੇ ਇਸ ਫ਼ੈਸਲੇ ਨੂੰ “ਸਿੱਖ ਕੌਮ ਦੀ ਲੜਾਈ ਵਿਚ ਮਹੱਤਵਪੂਰਨ ਮੋੜ” ਦੱਸਦੇ ਹੋਏ ਕਿਹਾ ਕਿ ਇਹ ਸਿਰਫ਼ ਇੱਕ ਵਿਅਕਤੀ ਦੀ ਸਜ਼ਾ ਨਹੀਂ, ਸਗੋਂ ਉਸ ਰਾਜਨੀਤਿਕ ਤੰਤਰ ਦੀ ਹਾਰ ਹੈ, ਜਿਸ ਨੇ ਦੋਸ਼ੀਆਂ ਨੂੰ ਦਹਾਕਿਆਂ ਤੱਕ ਸਰਪ੍ਰਸਤੀ ਦਿੱਤੀ। ਪਰਵਿੰਦਰ ਸੋਹਾਣਾ ਨੇ ਸਵਾਲ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਕਿ ਕੀ ਕਾਂਗਰਸ ਪਾਰਟੀ ਇਸ ਫ਼ੈਸਲੇ ਨੂੰ ਸਵੀਕਾਰ ਕਰਦੇ ਹੋਏ 1984 ਵਿਚ ਆਪਣੇ ਨੇਤਾਵਾਂ ਦੀ ਭੂਮਿਕਾ ਲਈ ਮੁਆਫ਼ੀ ਮੰਗੇਗੀ? ਜਦ ਤੱਕ ਇਹ ਨਹੀਂ ਹੁੰਦਾ ਉਸ ਸਮੇਂ ਤੱਕ ਕਾਂਗਰਸ ‘ਰਾਸ਼ਟਰਵਾਦ’ ਦਾ ਦਾਅਵਾ ਨਹੀਂ ਕਰ ਸਕਦੀ।”ਇਸ ਦੇ ਨਾਲ ਹੀ ਪਰਵਿੰਦਰ ਸੋਹਾਣਾ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਕਠੋਰ ਸਵਾਲਾਂ ਨਾਲ ਝੰਜੋੜਿਆ। ਉਨ੍ਹਾਂ ਮੰਗ ਕੀਤੀ ਕਿ ਸੱਜਣ ਕੁਮਾਰ ਨੂੰ ਕਾਨੂੰਨੀ ਪ੍ਰਕਿਰਿਆ ਵਿਚ ਰੁਕਾਵਟਾਂ ਪਾਉਣ ਵਾਲੇ ਅਤੇ ਉਸ ਨੂੰ 40 ਸਾਲਾਂ ਤੱਕ ਸੁਰੱਖਿਅਤ ਰੱਖਣ ਵਾਲੇ ਲੋਕਾਂ ਦੀ ਉੱਚ-ਪੱਧਰੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੌਕੇ ਸਪਸ਼ਟ ਕੀਤਾ ਕਿ ਉਹ 1984 ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਲੜਾਈ ਜਾਰੀ ਰੱਖੇਗਾ।
ਹਿੰਦੂਸਥਾਨ ਸਮਾਚਾਰ