ਬਠਿੰਡਾ, 26 ਫਰਵਰੀ (ਹਿੰ. ਸ.)। ਬੀਤੀ ਦੇਰ ਰਾਤ 11:30 ਵਜੇ ਦੇ ਕਰੀਬ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੇ ਐਸ. ਪੀ. ਸੀ. ਐਲ. ਪਲਾਂਟ ਫੁਲੋਖਾਰੀ ਗੇਟ ਦੇ ਬਾਹਰ ਪ੍ਰਾਈਵੇਟ ਪਾਰਕਿੰਗ ਵਿਚ ਖੜ੍ਹੇ ਇਕ ਗੈਸ ਟੈਂਕਰ ਦੇ ਕੈਬਿਨ ਨੂੰ ਅਚਾਨਕ ਭਿਆਨਕ ਅੱਗ ਲੱਗਣ ਨਾਲ ਕੈਬਿਨ ਵਿਚ ਸੁੱਤਾ ਪਿਆ ਚਾਲਕ ਜਿਉਂਦਾ ਸੜ ਗਿਆ ਅਤੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਰਾਮਾਂ ਥਾਣੇ ਦੇ ਐਸ. ਐਚ. ਓ. ਇੰਸਪੈਕਟਰ ਹਰਬੰਸ ਸਿੰਘ ਅਤੇ ਏ.ਐਸ.ਆਈ. ਗੁਰਤੇਜ ਸਿੰਘ ਪੁਲਿਸ ਟੀਮਾਂ ਨਾਲ ਪਹੁੰਚੇ। ਉਨ੍ਹਾਂ ਦੀ ਅਗਵਾਈ ਵਿਚ ਰਿਫਾਇਨਰੀ ਦੀ ਫਾਇਰ ਬ੍ਰਿਗੇਡ ਅਤੇ ਫਾਇਰ ਟੀਮ ਵਲੋਂ ਫੋਮ ਟੈਂਡਰ ਨਾਲ ਅੱਗ ’ਤੇ ਕਾਬੂ ਪਾਇਆ ਗਿਆ, ਪਰ ਚਾਲਕ ਉਸ ਸਮੇਂ ਤੱਕ ਅੱਗ ਵਿਚ ਸੜ ਚੁੱਕਿਆ ਸੀ। ਮ੍ਰਿਤਕ ਚਾਲਕ ਦਾ ਨਾਮ ਪ੍ਰਭਜੀਤ ਸਿੰਘ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਉਕਤ ਪਾਰਕਿੰਗ ਵਿਚ ਪਹੁੰਚ ਕੇ ਲਾਸ਼ ਦੇ ਪਿੰਜਰ ਨੂੰ ਟੈਂਕਰ ਵਿਚੋਂ ਬਾਹਰ ਕੱਢਿਆ। ਪੁਲਿਸ ਵਲੋਂ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਲਾਸ਼ ਨੂੰ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਟੈਂਕਰ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਪੁਲਿਸ ਵਲੋਂ ਜਾਂਚ ਜਾਰੀ ਸੀ।
ਹਿੰਦੂਸਥਾਨ ਸਮਾਚਾਰ