ਮੁਹਾਲੀ, 14 ਫਰਵਰੀ (ਹਿੰ. ਸ.)। ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਤੇ ਆਪਣੇ ਸੌੜੇ ਸਿਆਸੀ ਹਿੱਤਾਂ ਤੇ ਨਿੱਜੀ ਗਰਜ਼ਾਂ ਦੀ ਪੂਰਤੀ ਲਈ ਪੰਜਾਬ ਦੇ ਆਰਥਿਕ ਵਸੀਲਿਆਂ ਦੀ ਬੜੀ ਬੇਕਿਰਕੀ ਨਾਲ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਸ ਨੇ ਸੂਬੇ ਦੇ ਵਿਧਾਇਕਾਂ ਨੂੰ ਆਪਣੇ ਤਿੰਨ ਮਿੰਟਾਂ ਦਾ ਭਾਸ਼ਨ ਸੁਨਾਉਣ ਲਈ ਦਿੱਲੀ ਸੱਦ ਕੇ ਪੰਜਾਬ ਦੇ ਲੱਖਾਂ ਰੁਪਏ ਬਰਬਾਦ ਦਿੱਤੇ।ਸਿੱਧੂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੀ ਚੋਣ ਵਿਚ ਪਾਰਟੀ ਅਤੇ ਆਪਣੀ ਨਿੱਜੀ ਹਾਰ ਤੋਂ ਬਾਅਦ ਬੁਖਲਾਏ ਹੋਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਆਪਣੀ ਪਾਰਟੀ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਸੱਦਿਆ ਤਾਂ ਕਿ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਅਜੇ ਵੀ ਪਾਰਟੀ ਦਾ ਡਿਕਟੇਟਰ ਉਹ ਖ਼ੁਦ ਹੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ, ਮੰਤਰੀਆਂ ਤੇ ਤਕਰੀਬਨ 80 ਵਿਧਾਇਕਾਂ ਦੇ ਸੁਰੱਖਿਆ ਦਸਤਿਆਂ, ਡਰਾਈਵਰਾਂ ਤੇ ਨਿੱਜੀ ਸਹਾਇਕਾਂ ਦਾ ਕਾਫ਼ਲਾ, ਜਿਸ ਵਿਚ ਤਕਰੀਬਨ 600 ਵਿਅਕਤੀ ਸ਼ਾਮਲ ਸਨ, ਦਿੱਲੀ ਗਿਆ ਜਿਸ ਦਾ ਪੰਜਾਬ ਦੇ ਖ਼ਜ਼ਾਨੇ ਉਤੇ ਲੱਖਾਂ ਰੁਪਏ ਦਾ ਬੋਝ ਪਿਆ। ਉਹਨਾਂ ਪੁੱਛਿਆ ਕਿ ਇਹ ਮੀਟਿੰਗ ਚੰਡੀਗੜ ਵਿਚ ਕਿਉਂ ਨਹੀਂ ਸੀ ਕੀਤੀ ਜਾ ਸਕਦੀ?ਕਾਂਗਰਸੀ ਆਗੂ ਨੇ ਕਿਹਾ ਕਿ ਦਿੱਲੀ ਦੀ ਚੋਣ ਜਿੱਤਣ ਲਈ ਅਰਵਿੰਦਰ ਕੇਜਰੀਵਾਲ ਵਲੋ ਪੰਜਾਬ ਦੇ ਆਰਥਿਕ ਵਸੀਲਿਆਂ ਨੂੰ ਰੱਜ ਕੇ ਲੁੱਟਣ ਦੇ ਬਾਵਜੂਦ ਉਹਨਾਂ ਦਾ ਕਿਲ੍ਹਾ ਢਹਿ ਢੇਰੀ ਹੋ ਗਿਆ ਕਿਉਂਕਿ ਇਹ ਝੂਠ, ਪਖੰਡ ਅਤੇ ਨਿਰੋਲ ਮਾਅਰਕੇਬਾਜ਼ੀ ਉਤੇ ਉਸਾਰਿਆ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਦਿਆਂ ਹੀ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਰੇਤੇ ਤੇ ਬੱਜਰੀ ਦੀ ਮਾਈਨਿੰਗ ਵਿਚੋਂ 20,000 ਕਰੋੜ ਰੁਪਏ ਦੀ ਕਮਾਈ ਕਰੇਗੀ ਅਤੇ 34,000 ਰੁਪਏ ਸਰਕਾਰੀ ਫਜ਼ੂਲ ਖ਼ਰਚੀਆਂ ਬੰਦ ਕਰ ਕੇ ਬਚਾਏ ਜਾਣਗੇ। ਸ਼੍ਰੀ ਸਿੱਧੂ ਨੇ ਕਿਹਾ ਹੁਣ ਸਾਰਾ ਜਹਾਨ ਵੇਖ ਰਿਹਾ ਹੈ ਕਿ ਕਿਵੇਂ ਪੰਜਾਬ ਵਿਚ ਨਜ਼ਾਇਜ ਮਾਈਨਿੰਗ ਦਾ ਕਾਰੋਬਾਰ ਅਤੇ ਫਜ਼ੂਲ ਖ਼ਰਚੀਆਂ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈਆਂ ਹਨ।ਸਿੱਧੂ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਨੂੰ ਤਬਾਹੀ ਦੀ ਕਗਾਰ ਉਤੇ ਪਹੰਚਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਜਿਹੜੀ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ਉਤੇ ਤੋਰੇਗੀ।
ਹਿੰਦੂਸਥਾਨ ਸਮਾਚਾਰ