ਚੰਡੀਗੜ, 12 ਫਰਵਰੀ (ਹਿੰ. ਸ.)। ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੀ ਕੌਮ ਦੀ ਸਿਰਮੌਰ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋ ਬਾਦਲ ਧੜੇ ਦੇ ਸਿਆਸੀ ਹਿੱਤ ਪੂਰਨ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕੀਤਾ ਜਾਣਾ, ਸਿੱਧਮ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਦਿੱਤੀ ਗਈ ਚੁਣੌਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕੌਮ ਕਦੇ ਵੀ ਅਜਿਹੇ ਬਦਲਾ ਲਊ ਫੈਸਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਦੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ, ਅੰਤ੍ਰਿੰਗ ਕਮੇਟੀ ਵਿੱਚ ਇਕਪਾਸੜ ਰਿਪੋਰਟ ਤੇ ਹੋਈ ਪੰਥਕ ਵਿਰੋਧੀ ਕਾਰਵਾਈ ਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘੁਬੀਰ ਸਿੰਘ ਨੂੰ ਪੂਰਨ ਰੋਕ ਲਗਾਉਣੀ ਚਾਹੀਦੀ ਹੈ ਕਿਉ ਕਿ ਇਹ ਫੈਸਲਾ ਗੈਰ ਸਿਧਾਂਤਕ ਅਤੇ ਪੰਥਕ ਹਿੱਤਾਂ ਨੂੰ ਛਿੱਕੇ ਟੰਗ ਕੇ ਕਰਵਾਇਆ ਗਿਆ ਹੈ।ਇਸ ਦੇ ਨਾਲ ਹੀ ਜੱਥੇਦਾਰ ਵਡਾਲਾ ਨੇ ਸਿੰਘ ਸਾਹਿਬ ਦੇ ਉਸ ਬਿਆਨ ਦੀ ਮੁੜ ਪ੍ਰੋੜਤਾ ਕਰਦੇ ਹੋਏ ਕਿ, ਜਦੋਂ ਪੜਤਾਲੀਆ ਕਮੇਟੀ ਬਣਾਈ ਗਈ ਸੀ, ਉਸ ਸਮੇਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਹੁਰਾਂ ਨੇ ਸਪੱਸ਼ਟ ਕੀਤਾ ਸੀ ਕਿ ਕਿਸੇ ਵੀ ਸਿੰਘ ਸਾਹਿਬਾਨ ਖਿਲਾਫ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੀ ਜਾਂਚ ਸਿਰਫ ਤੇ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਹੇਠ ਹੀ ਹੋ ਸਕਦੀ ਹੈ। ਇਸ ਦੇ ਨਾਲ ਪੰਜ ਪਿਆਰਿਆਂ ਦੇ ਸਨਮੁੱਖ ਗਿਆਨੀ ਹਰਪ੍ਰੀਤ ਸਿੰਘ ਜੀ ਵਲੋ ਦਿੱਤੇ ਸਪਸ਼ਟੀਕਰਨ ਤੋ ਬਾਅਦ ਕਿਸੇ ਜਾਂਚ ਪੜਤਾਲ ਤੇ ਮੁਕੰਮਲ ਰੋਕ ਤੱਕ ਲਗਾ ਦਿੱਤੀ ਗਈ ਸੀ।ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਵਾਲੇ ਫੈਸਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਨੂੰ ਸਖ਼ਤ ਨੋਟਿਸ ਲੈਣ ਦੀ ਮੰਗ ਚੁੱਕੀ ਹੈ। ਜਥੇਦਾਰ ਵਡਾਲਾ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਾਡੇ ਬਜੁਰਗਾਂ ਨੇ ਸਿਧਾਂਤ ਲਈ ਕੁਰਬਾਨੀਆਂ ਦਿੱਤੀਆਂ, ਪਰ ਅੱਜ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਲਈ ਸਿਧਾਂਤ ਨੂੰ ਖਤਮ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ