ਕੋਲਕਾਤਾ, 12 ਫਰਵਰੀ (ਹਿੰ.ਸ.)। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਚਾਰ ਸਾਲਾਂ ਬਾਅਦ ਕਾਂਗਰਸ ਵਿੱਚ ਵਾਪਸ ਆਏ ਹਨ। ਬੁੱਧਵਾਰ ਨੂੰ, ਉਨ੍ਹਾਂ ਨੇ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਹੈੱਡਕੁਆਰਟਰ ਵਿਖੇ ਸੂਬਾ ਪ੍ਰਧਾਨ ਸ਼ੁਭੰਕਰ ਸਰਕਾਰ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਝੰਡਾ ਫੜ੍ਹਿਆ। ਅਭਿਜੀਤ ਨੇ ਕਿਹਾ ਕਿ ਭਾਜਪਾ ਦੀ ਫੁੱਟਪਾਊ ਰਾਜਨੀਤੀ ਵਿਰੁੱਧ ਲੜਨ ਲਈ ਕਾਂਗਰਸ ਹੀ ਇੱਕੋ ਇੱਕ ਵਿਕਲਪ ਹੈ।
2021 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਭਿਜੀਤ ਮੁਖਰਜੀ ਕਾਂਗਰਸ ਛੱਡ ਕੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ, ਪਰ ਉਨ੍ਹਾਂ ਨੂੰ ਤ੍ਰਿਣਮੂਲ ਵਿੱਚ ਕੋਈ ਖਾਸ ਜ਼ਿੰਮੇਵਾਰੀ ਨਹੀਂ ਮਿਲੀ। ਪਾਰਟੀ ਨੇ ਨਾ ਤਾਂ ਉਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਅਤੇ ਨਾ ਹੀ ਵਿਧਾਨ ਸਭਾ ਚੋਣਾਂ ਵਿੱਚ ਖੜ੍ਹਾ ਕੀਤਾ। ਪਿਛਲੇ ਕੁਝ ਮਹੀਨਿਆਂ ਤੋਂ, ਉਹ ਤ੍ਰਿਣਮੂਲ ਵਿੱਚ ਆਪਣੀ ਭੂਮਿਕਾ ‘ਤੇ ਅਸੰਤੁਸ਼ਟੀ ਪ੍ਰਗਟ ਕਰ ਰਹੇ ਸੀ। ਅਖੀਰ ਉਹ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਨੂੰ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਦੇ ਸਕਦੀ ਹੈ।
ਅਭਿਜੀਤ ਮੁਖਰਜੀ 2012 ਵਿੱਚ ਜੰਗੀਪੁਰ ਲੋਕ ਸਭਾ ਸੀਟ ਤੋਂ ਉਪ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਬਣੇ। ਇਹ ਸੀਟ ਉਨ੍ਹਾਂ ਦੇ ਪਿਤਾ ਪ੍ਰਣਬ ਮੁਖਰਜੀ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਖਾਲੀ ਹੋ ਗਈ ਸੀ। ਉਨ੍ਹਾਂ ਨੇ 2014 ਵਿੱਚ ਦੁਬਾਰਾ ਸੀਟ ਜਿੱਤੀ, ਪਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਤ੍ਰਿਣਮੂਲ ਉਮੀਦਵਾਰ ਤੋਂ ਵੱਡੇ ਫਰਕ ਨਾਲ ਹਾਰ ਗਏ। ਇਸ ਤੋਂ ਬਾਅਦ, ਉਹ ਰਾਜਨੀਤੀ ਵਿੱਚ ਬਹੁਤੇ ਸਰਗਰਮ ਨਹੀਂ ਰਹੇ। ਅਭਿਜੀਤ 2021 ਵਿੱਚ ਕਾਂਗਰਸ ਛੱਡ ਕੇ ਤ੍ਰਿਣਮੂਲ ਵਿੱਚ ਸ਼ਾਮਲ ਹੋ ਗਏ। ਉਦੋਂ ਉਨ੍ਹਾਂ ਕਿਹਾ ਸੀ ਕਿ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ, ਪਰ ਤ੍ਰਿਣਮੂਲ ਵਿੱਚ ਉਨ੍ਹਾਂ ਨੂੰ ਕੋਈ ਖਾਸ ਮੌਕਾ ਨਹੀਂ ਮਿਲਿਆ। ਪਿਛਲੇ ਕੁਝ ਮਹੀਨਿਆਂ ਤੋਂ ਉਹ ਪਾਰਟੀ ਵਿੱਚ ਆਪਣੇ ਅਹੁਦੇ ਤੋਂ ਨਾਖੁਸ਼ ਸੀ।
ਹਿੰਦੂਸਥਾਨ ਸਮਾਚਾਰ