ਅਮਰੀਕਾ ਤੋਂ ਕੱਢੇ ਗਏ ਹਰ ਪੰਜਾਬੀ ਦੀ ਇੱਕ ਦਰਦਨਾਕ ਕਹਾਣੀ ਹੈ। ਅਮਰੀਕਾ ਜਾਣ ਲਈ, ਕੁਝ ਨੌਜਨਵਾਂ ਨੇ ਆਪਣੀ ਜ਼ਮੀਨ ਗਿਰਵੀ ਰੱਖੀ, ਕੁਝ ਨੇ ਕਰਜ਼ਾ ਲਿਆ ਅਤੇ ਕੁਝ ਨੇ ਆਪਣੇ ਘਰ ਦੇ ਗਹਿਣੇ ਗਿਰਵੀ ਰੱਖ ਦਿੱਤੇ, ਪਰ ਫਿਰ ਵੀ ਅਮਰੀਕਾ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਕੁਝ ਅਜਿਹੇ ਨੌਜਵਾਨ ਵੀ ਹਨ, ਜਿਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਧੋਖਾਧੜੀ ਦੇ ਨਾਲ ਵਿਦੇਸ਼ ਭੇਜਿਆ ਸੀ।
ਹੁਣ ਵਾਪਸ ਪਰਤੇ ਨੌਜਵਾਨਾਂ ਵੱਲੋਂ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ’ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਥਾਣਾ ਰਾਜਾਸਾਂਸੀ ਨਾਲ ਸੰਬੰਧਿਤ ਦਲੇਰ ਸਿੰਘ ਵਾਸੀ ਸਲੇਮਪੁਰ ਵੱਲੋਂ ਏਜੰਟ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਏਜੰਟ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕੋਟਲੀ ਖਹਿਰਾ ਖਿਲਾਫ ਐਫਆਈਆਰ ਦਰਜ ਕੀਤਾ ਗਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੀਵ ਨੇ ਕਿਹਾ ਕਿ ਪਹਿਲਾਂ ਵੀ ਕਈ ਕਬੂਤਰਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਈ ਲੋਕਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ।