ਚੰਡੀਗੜ੍ਹ, 6 ਫ਼ਰਵਰੀ (ਹਿੰ. ਸ.)। ਲੰਘੀ 4 ਫਰਵਰੀ ਤੋਂ ਸਰਗਰਮ ਹੋਇਆ ਵੈਸਟਰਨ ਡਿਸਟਰਬੈਂਸ ਅੱਜ ਸੁਸਤ ਹੋ ਗਿਆ ਹੈ। ਅਲਰਟ ਤੋਂ ਬਾਅਦ ਵੀ ਪੰਜਾਬ ਵਿੱਚ ਜਿਆਦਾ ਮੀਂਹ ਨਹੀਂ ਪਿਆ। ਜਨਵਰੀ ਵਾਂਗ ਹੁਣ ਫਰਵਰੀ ਦਾ ਮਹੀਨਾ ਵੀ ਖੁਸ਼ਕ ਬੀਤ ਰਿਹਾ ਹੈ ਪਰ ਇਸ ਪੱਛਮੀ ਗੜਬੜ ਦਾ ਅਸਰ ਹਿਮਾਚਲ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲਿਆ ਅਤੇ ਕੁਝ ਇਲਾਕਿਆਂ ਵਿੱਚ ਬਰਫ਼ਬਾਰੀ ਵੀ ਹੋਈ। ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਈ ਹੈ ਅਤੇ ਤਾਪਮਾਨ ਆਮ ਵਾਂਗ ਹੋ ਗਿਆ ਹੈ।ਪੰਜਾਬ ਵਿੱਚ ਅੱਜ ਮੀਂਹ ਅਤੇ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦੋ ਦਿਨਾਂ ‘ਚ ਪੰਜਾਬ ਦਾ ਤਾਪਮਾਨ 2 ਤੋਂ 3 ਡਿਗਰੀ ਤੱਕ ਡਿੱਗ ਜਾਵੇਗਾ। ਅਲਰਟ ਤੋਂ ਬਾਅਦ ਵੀ ਪੰਜਾਬ ਅਤੇ ਆਸਪਾਸ ਦੇ ਰਾਜਾਂ ਵਿੱਚ ਮੀਂਹ ਨਹੀਂ ਪਿਆ। ਹੁਣ ਨਵਾਂ ਵੈਸਟਰਨ ਡਿਸਟਰਬੈਂਸ 8 ਫਰਵਰੀ ਤੋਂ ਸਰਗਰਮ ਹੋਣ ਜਾ ਰਿਹਾ ਹੈ। ਇਹ ਪੱਛਮੀ ਗੜਬੜੀ ਵੀ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਜ਼ਿਲ੍ਹਿਆਂ ਤੱਕ ਹੀ ਸੀਮਤ ਰਹਿਣ ਵਾਲੀ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ‘ਚ ਦੇਖਣ ਨੂੰ ਨਹੀਂ ਮਿਲੇਗਾ।
ਹਿੰਦੂਸਥਾਨ ਸਮਾਚਾਰ