ਅੰਮ੍ਰਿਤਸਰ, 5 ਫਰਵਰੀ (ਹਿੰ. ਸ.)। ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਡਿਪੋਟ ਕੀਤੇ 104 ਭਾਰਤੀ ਅੱਜ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ, ਅੰਮ੍ਰਿਤਸਰ ਵਿਖੇ ਪਹੁੰਚ ਹੋ ਗਿਆ ਹੈ। ਅਮਰੀਕਾ ਵਿਖੇ ਸਥਿਤ ਭਾਰਤੀ ਦੂਤਘਰ ਵਲੋਂ ਉਥੋਂ ਦੀ ਸਰਕਾਰ ਵਲੋਂ ਜਾਰੀ ਕੀਤੀ ਗਈ ਡਿਪੋਰਟ ਕਰਨ ਜਾ ਰਹੇ ਭਾਰਤੀਆਂ ਦੀ ਲਿਸਟ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਲਿਸਟ ਅਨੂਸਾਰ 104 ਭਾਰਤੀ ਨਾਗਰਿਕ ਹਨ। ਅਮਰੀਕਾ ’ਚ ਗੈਰ ਕਾਨੂੰਨੀ ਢੰਗ ਨਾਲ ਗਏ ਇਨ੍ਹਾਂ ਭਾਰਤੀਆ ’ਚ ਗੁਜਰਾਤ ਦੇ 33, ਪੰਜਾਬ ਦੇ 30, ਚੰਡੀਗੜ੍ਹ ਦੇ 2, ਹਰਿਆਣਾ ਦੇ 33, ਮਹਾਰਾਸ਼ਟਰ ਤੋਂ 2, ਯੂ.ਪੀ ਤੋਂ 3 ਲੋਕ ਸ਼ਾਮਲ ਹਨ। ਇਸਤੋਂ ਇਲਾਵਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ 30 ਵਸਨੀਕ ਜੋ ਕਿ ਅੱਜ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਨ, ਵਿਚ ਜਲੰਧਰ ਦੇ 5, ਹੁਸ਼ਿਆਰਪੁਰ ਦੇ 4, ਅੰਮ੍ਰਿਤਸਰ ਦੇ 4, ਪਟਿਆਲਾ ਦੇ 4, ਗੁਰਦਾਸਪੁਰ ਦੇ 3, ਕਪੂਰਥਲਾ ਦੇ 3, ਤਰਨਤਾਰਨ, ਸੰਗਰੂਰ ,ਰੋਪੜ, ਨਵਾਂਸ਼ਹਿਰ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਮੋਹਾਲੀ ਤੋਂ 1-1 ਵਿਅਕਤੀ ਸ਼ਾਮਲ ਹੈ।
ਦਸ ਦਇਏ ਕਿ ਇਨ੍ਹਾਂ ਲੋਕਾਂ ਦੇ ਭਾਰਤ ਪਹੁੰਚਣ ‘ਤੇ ਗ੍ਰਿਫ਼ਤਾਰ ਕਰਨ ਦਾ ਕੋਈ ਆਧਾਰ ਨਹੀਂ ਹੈ ਕਿਉਂਕਿ ਇਨ੍ਹਾਂ ਨੇ ਕਿਸੇ ਵੀ ਤਰ੍ਹਾਂ ਭਾਰਤੀ ਕਾਨੂੰਨਾਂ ਦੀ ਉਲੰਘਣਾ ਨਹੀਂ ਕੀਤੀ ਹੈ।
ਦਸਣਯੋਗ ਹੈ ਕਿ 27 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫੋਨ ‘ਤੇ ਗੱਲਬਾਤ ਤੋਂ ਬਾਅਦ, ਟਰੰਪ ਨੇ ਕਿਹਾ ਸੀ ਕਿ ਭਾਰਤ ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਬੁਲਾਉਣ ਲਈ ਸਹੀ ਕਦਮ ਚੁੱਕੇਗਾ। ਅੰਦਾਜ਼ਿਆਂ ਅਨੁਸਾਰ, ਅਮਰੀਕਾ ਵਿੱਚ ਲਗਭਗ 18,000 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਹਨ ਜਿਨ੍ਹਾਂ ਨੂੰ ਭਾਰਤ ਭੇਜੇ ਜਾਣ ਦੀ ਲੋੜ ਹੈ। ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਭਾਰਤ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ।
ਹਿੰਦੂਸਥਾਨ ਸਮਾਚਾਰ