ਸ੍ਰੀ ਅਨੰਦਪੁਰ ਸਾਹਿਬ, 03 ਫਰਵਰੀ (ਹਿੰ. ਸ.)। ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨਾਲ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੇ ਵਿਸੇਸ਼ ਮੁਲਾਕਾਤ ਕੀਤੀ ਅਤੇ ਹੋਲਾ ਮਹੱਲਾ ਦੇ ਪ੍ਰਸਾਸ਼਼ਨ ਵੱਲੋਂ ਕੀਤੇ ਜਾ ਰਹੇ ਅਗਾਓ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਹੋਲਾ ਮਹੱਲਾ ਤਿਉਹਾਰ ਮੌਕੇ ਕੀਤੇ ਜਾਣ ਵਾਲੇ ਹੋਰ ਪ੍ਰਬੰਧਾਂ ਸਬੰਧੀ ਵਿਚਾਰ ਵਟਾਦਰਾਂ ਕੀਤਾ।ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਵਿਚ 10 ਤੋਂ 12 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 13 ਤੋ 15 ਮਾਰਚ ਤੱਕ ਹੋਲਾ ਮਹੱਲਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਪ੍ਰਸਾਸ਼ਨ ਵੱਲੋਂ ਅਗਾਓ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਇਸ ਮੌਕੇ ਲੱਖਾਂ ਸੰਗਤਾਂ ਗੁਰਧਾਮਾ ਦੇ ਦਰਸ਼ਨਾ ਲਈ ਇੱਥੇ ਪੁੱਜਦੀਆਂ ਹਨ। ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨਾਲ ਐਸ.ਡੀ.ਐਮ ਜਸਪ੍ਰੀਤ ਸਿੰਘ ਨੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੇਲਾ ਖੇਤਰ ਦੀ ਸਫਾਈ, ਸੜਕਾਂ ਦੀ ਮੁਰੰਮਤ, ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਚੱਲ ਰਹੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਹਿਮਾਸ਼ੂ ਜੈਨ ਆਈ.ਏ.ਐਸ ਵੱਲੋਂ ਇਸ ਸਬੰਧ ਵਿੱਚ ਜਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਦੋ ਮੀਟਿੰਗਾਂ ਕਰਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਰਿਵਿਊ ਕੀਤਾ ਗਿਆ ਹੈ। ਸਾਰੇ ਵਿਭਾਗ ਪੂਰੀ ਮਿਹਨਤ, ਲਗਨ ਤੇ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ। ਸਿੰਘ ਸਾਹਿਬ ਨੇ ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਟਰੈਫਿਕ ਵਿਵਸਥਾ, ਨਿਰਵਿਘਨ ਆਵਾਜਾਈ, ਸੁਰੱਖਿਆਂ, ਪਾਰਕਿੰਗ ਵਰਗੀਆਂ ਸਹੂਲਤਾਂ ਨੂੰ ਹੋਰ ਸੁਚਾਰੂ ਕਰਨ ਲਈ ਕਿਹਾ। ਐਸ.ਡੀ.ਐਮ ਕਮ ਮੇਲਾ ਅਫਸਰ ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਾਰਿਆ ਸਹੂਲਤਾਂ ਸਮੇਂ ਸਿਰ ਉਪਲੱਬਧ ਹੋਣਗੀਆਂ। ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ, ਸੂਚਨਾ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੱਖਾਂ ਸੰਗਤਾਂ ਇਸ ਮੌਕੇ ਦੇਸ਼ ਵਿਦੇਸ਼ ਤੋ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਪਹੁੰਚਦੀਆਂ ਹਨ। ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਵੀ ਵੱਡੀ ਗਿਣਤੀ ਵਿਚ ਸੰਗਤਾਂ ਜਾਦੀਆਂ ਹਨ। ਉਨ੍ਹਾਂ ਲਈ ਸਾਰੇ ਸੁਚਾਰੂ ਪ੍ਰਬੰਧ ਕੀਤੇ ਜਾਣ, ਵਾਹਨਾਂ ਦੀ ਮੇਲਾ ਖੇਤਰ ਵਿੱਚ ਦਾਖਲੇ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾਵੇ।
ਹਿੰਦੂਸਥਾਨ ਸਮਾਚਾਰ