ਅੰਮ੍ਰਿਤਸਰ ਵਿੱਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਲਗਤਾਰ ਭੱਖਦਾ ਜਾ ਰਿਹਾ। ਇਸ ਮਾਮਲੇ ‘ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਜੇ ਪੀ ਨੱਡਾ ਨੇ ਨਿਖੇਧੀ ਕੀਤੀ ਹੈ।
ਇਸ ਘਟਨਾ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਜੇ ਪੀ ਨੱਡਾ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਘਟਨਾ ਦੀ ਜਾਂਚ ਅਤੇ ਪੜਤਾਲ ਲਈ ਛੇ ਮੈਂਬਰੀ ਵਫ਼ਦ ਦਾ ਗਠਨ ਕੀਤਾ ਹੈ, ਜੋ ਮੌਕੇ ’ਤੇ ਜਾ ਕੇ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਭਾਜਪਾ ਲੀਡਰਸ਼ਿਪ ਨੂੰ ਸੌਂਪੇਗਾ।
ਇਸ ਘਟਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇੱਕ ਵਫ਼ਦ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਸੀ। ਇਸ ਵਫ਼ਦ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਮਨੋਰੰਜਨ ਕਾਲੀਆ, ਫਤਿਹ ਸਿੰਘ ਬਾਜਵਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਕੇਵਲ ਢਿੱਲੋਂ ਆਦਿ ਸ਼ਾਮਲ ਸਨ, ਰਾਜਪਾਲ ਨੂੰ ਮੰਗ ਪੱਤਰ ਦੇਣ ਆਏ ਸਨ। ਹਾਲ ਹੀ ‘ਚ ਭਾਜਪਾ ਦੀਆਂ ਜ਼ਿਲਾ ਇਕਾਈਆਂ ਨੇ ਸੂਬੇ ਭਰ ‘ਚ ਪ੍ਰਦਰਸ਼ਨ ਵੀ ਕੀਤਾ ਸੀ।
ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਉਕਤ ਨੌਜਵਾਨ ਨੇ ਬਾਬਾ ਅੰਬੇਡਕਰ ਸਾਹਿਬ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਨੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ।