ਚੰਡੀਗੜ੍ਹ, 31 ਜਨਵਰੀ (ਹਿੰ.ਸ.)। ਪੰਜਾਬ ਦੇ ਫਿਰੋਜ਼ਪੁਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਪਿਕਅੱਪ ਅਤੇ ਕੈਂਟਰ ਵਿਚਕਾਰ ਹੋਈ ਟੱਕਰ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਅੱਜ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਮੋਹਨ ਦੇ ਉਤਾੜ ਪਿੰਡ ਨੇੜੇ ਵਾਪਰਿਆ। ਹਾਦਸੇ ਸਮੇਂ ਪਿਕਅੱਪ ਵਿੱਚ 25 ਤੋਂ ਵੱਧ ਲੋਕ ਸਵਾਰ ਸਨ। ਪੁਲਿਸ ਅਧਿਕਾਰੀ ਅਨੁਸਾਰ ਇਹ ਹਾਦਸਾ ਧੁੰਦ ਕਾਰਨ ਹੋਇਆ ਜਾਪਦਾ ਹੈ।
ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਬਰਾੜ ਨੇ ਦੱਸਿਆ ਹੈ ਕਿ ਪਿਕਅੱਪ ਵਿੱਚ ਮਜ਼ਦੂਰ ਸਨ। ਉਹ ਫਿਰੋਜ਼ਪੁਰ ਤੋਂ ਪੇਂਡੂ ਖੇਤਰ ਵੱਲ ਜਾ ਰਹੇ ਸੀ। ਇਸ ਦੌਰਾਨ ਪਿਕਅੱਪ ਕੰਟਰੋਲ ਤੋਂ ਬਾਹਰ ਹੋ ਗਈ ਜਿਸ ਕਾਰਨ ਪਿੱਛੇ ਤੋਂ ਆ ਰਹੇ ਕੈਂਟਰ ਨਾਲ ਹਾਦਸਾ ਵਾਪਰ ਗਿਆ।ਫਿਰੋਜ਼ਪੁਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਨੌਂ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ 5 ਐਂਬੂਲੈਂਸਾਂ ਮੌਕੇ ‘ਤੇ ਭੇਜੀਆਂ ਸਨ। ਜ਼ਖਮੀਆਂ ਨੂੰ ਫਰੀਦਕੋਟ ਅਤੇ ਜਲਾਲਾਬਾਦ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਜਲਾਲਾਬਾਦ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ। 11 ਜ਼ਖਮੀ ਮਰੀਜ਼ਾਂ ਵਿੱਚੋਂ 10 ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ ਹੈ। ਜਲਾਲਾਬਾਦ ਵਿੱਚ 1 ਮਰੀਜ਼ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਸਾਰਿਆਂ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ