ਚੰਡੀਗੜ੍ਹ, 28 ਜਨਵਰੀ (ਹਿੰ. ਸ.)। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ’ਤੇ ਚੱਲ ਰਿਹਾ ਮਰਨ ਵਰਤ ਅੱਜ (ਮੰਗਲਵਾਰ) 64ਵੇਂ ਦਿਨ ’ਚ ਦਾਖਲ ਹੋ ਗਿਆ। ਇਸ ਦੇ ਨਾਲ ਹੀ ਅੱਜ ਜਗਜੀਤ ਸਿੰਘ ਡੱਲੇਵਾਲ ਖਨੌਰੀ ਸਰਹੱਦ ਤੋਂ ਜਨਤਾ ਨੂੰ ਸੰਦੇਸ਼ ਦੇਣਗੇ। ਇਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ, ਜਦਕਿ ਭੋਗ 30 ਤਰੀਕ ਨੂੰ ਪਾਏ ਜਾਣਗੇ।ਇਹ ਪਹਿਲੀ ਵਾਰ ਹੈ ਜਦੋਂ ਡੱਲੇਵਾਲ ਡਾਕਟਰੀ ਦੇਖਭਾਲ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸੰਘਰਸ਼ ਨੂੰ ਲੈ ਕੇ ਕੋਈ ਐਲਾਨ ਕਰ ਸਕਦੇ ਹਨ। ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਜਿਕਰਯੋਗ ਹੈ ਕਿ ਕਿਸਾਨ ਅੰਦੋਲਨ ਨੂੰ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਅਜਿਹੇ ‘ਚ 11 ਤੋਂ 13 ਫਰਵਰੀ ਤੱਕ ਤਿੰਨ ਮਹਾਪੰਚਾਇਤਾਂ ਹੋਣਗੀਆਂ।
ਦਸ ਦਇਏ ਕਿ ਰਤਨਾਪੁਰਾ ਮੋਰਚੇ ‘ਤੇ 11 ਫਰਵਰੀ ਨੂੰ ਮਹਾਪੰਚਾਇਤ ਹੋਵੇਗੀ। ਇਸ ਲਈ ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਜ਼ਿਲ੍ਹਿਆਂ ਦੇ ਹਰ ਪਿੰਡ ਵਿੱਚ ਕਿਸਾਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚਾ ਵੱਲੋਂ 12 ਫਰਵਰੀ ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਲਈ ਹਰਿਆਣਾ ਦੇ ਹਿਸਾਰ ਵਿਖੇ ਕਿਸਾਨਾਂ ਦੀ ਮੀਟਿੰਗ ਕਰਕੇ ਪਿੰਡ-ਪਿੰਡ ਡਿਊਟੀਆਂ ਲਗਾਈਆਂ ਗਈਆਂ ਹਨ।
ਜਦੋਂ ਕਿ 13 ਫਰਵਰੀ ਨੂੰ ਸ਼ੰਭੂ ਵਿੱਚ ਮਹਾਪੰਚਾਇਤ ਹੋਵੇਗੀ। ਦੂਜੇ ਪਾਸੇ ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚਾ ਵਿਖੇ ਕਿਸਾਨ ਆਗੂ ਰਾਜਬੀਰ ਸਿੰਘ, ਊਧਮ ਚੌਧਰੀ, ਜੀਵਨ ਸਿੰਘ, ਅੰਕਿਤ ਚੌਧਰੀ, ਅਕਸ਼ੈ ਤਿਆਗੀ, ਕੌਸ਼ਲ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਤੋਂ ਕਿਸਾਨਾਂ ਦਾ ਵੱਡਾ ਵਫ਼ਦ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਆਇਆ ਸੀ।
ਪਿਛਲੇ ਸਾਲ ਕਿਸਾਨ ਅੰਦੋਲਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਦੀ ਪੁਲਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। 21 ਫਰਵਰੀ ਨੂੰ ਇਸ ਦੀ ਵਰ੍ਹੇਗੰਢ ਮੌਕੇ ਸਮਾਗਮ ਕਰਵਾਇਆ ਜਾਵੇਗਾ। ਇਸ ਦੌਰਾਨ ਕਿਸਾਨਾਂ ਵੱਲੋਂ ਮੀਟਿੰਗ ਵੀ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ