ਲੰਡਨ, 24 ਜਨਵਰੀ (ਹਿੰ.ਸ.)। ਕੰਜ਼ਰਵੇਟਿਵ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਕਿਹਾ ਹੈ ਕਿ ਬਰਤਾਨੀਆ ਵਿੱਚ ਭਾਰਤੀ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਸਕ੍ਰੀਨਿੰਗ ਵਿੱਚ ਵਿਘਨ ਪਾਉਣ ਵਾਲੇ ‘ਅੱਤਵਾਦੀ’ ਹਨ। ਉਨ੍ਹਾਂ ਨੇ ਗ੍ਰਹਿ ਸਕੱਤਰ ਯਵੇਟੇ ਕੂਪਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਬਲੈਕਮੈਨ ਨੇ ਹਾਊਸ ਆਫ ਕਾਮਨਜ਼ (ਬ੍ਰਿਟਿਸ਼ ਸੰਸਦ ਦਾ ਹੇਠਲਾ ਸਦਨ) ਵਿੱਚ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਪ੍ਰਭਾਵੀ ਉਪਾਅ ਕੀਤੇ ਜਾਣੇ ਚਾਹੀਦੇ ਹਨ ਕਿ ਦਰਸ਼ਕ ਸ਼ਾਂਤੀ ਅਤੇ ਸਦਭਾਵਨਾ ਨਾਲ ਫਿਲਮ ਦੇਖ ਸਕਣ।
ਲੰਡਨ ਅਖਬਾਰ ‘ ਦਿ ਹੇਰਾਲਡ’ ਨੇ ਸਥਾਨਕ ‘ਪੀਏ ਨਿਉਜ਼ ਏਜੰਸੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਗਈ। ‘ਦਿ ਹੇਰਾਲਡ’ ਦੇ ਅਨੁਸਾਰ ਹੈਰੋ ਈਸਟ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਬੌਬ ਬਲੈਕਮੈਨ ਨੇ ਕਿਹਾ ਹੈ ਕਿ ਵਿਊ ਸਿਨੇਮਾ ਚੇਨ ਦੇ ਹੈਰੋ ਸਥਿਤ ਸਿਨੇਮਾ ਵਿੱਚ “ਵਿਵਾਦਤ” ਬਾਲੀਵੁੱਡ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਵਿੱਚ ਵਿਘਨ ਪਾਉਣ ਵਾਲੇ ਨਕਾਬਪੋਸ਼ ਪ੍ਰਦਰਸ਼ਨਕਾਰੀ ਅੱਤਵਾਦੀ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਟਿਕਟਾਂ ਖਰੀਦ ਕੇ ਐਤਵਾਰ ਨੂੰ ਹੈਰੋ ਵਿਊ ਸਿਨੇਮਾ ਵਿਖੇ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਦੇਖਣ ਗਏ। ਕਰੀਬ 30 ਤੋਂ 40 ਮਿੰਟ ਬਾਅਦ ਨਕਾਬਪੋਸ਼ ਖਾਲਿਸਤਾਨੀ ਅੱਤਵਾਦੀ ਦਾਖਲ ਹੋਏ। ਨਕਾਬਪੋਸ਼ਾਂ ਨੇ ਦਰਸ਼ਕਾਂ ਨੂੰ ਡਰਾ ਧਮਕਾ ਕੇ ਫਿਲਮ ਦੀ ਸਕ੍ਰੀਨਿੰਗ ਰੋਕਣ ਲਈ ਮਜ਼ਬੂਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਵੁਲਵਰਹੈਂਪਟਨ, ਬਰਮਿੰਘਮ, ਸਲੋ, ਸਟੈਨਜ਼ ਅਤੇ ਮਾਨਚੈਸਟਰ ਵਿੱਚ ਵੀ ਅਜਿਹਾ ਹੀ ਹੋਇਆ ਹੈ। ਇਸਦਾ ਨਤੀਜਾ ਹੈ ਕਿ ਵਿਊ ਸਿਨੇਮਾਜ਼ ਅਤੇ ਸਿਨੇ ਵਰਲਡ ਨੇ ਇਸ ਫਿਲਮ ਦੀ ਸਕ੍ਰੀਨਿੰਗ ‘ਤੇ ਰੋਕ ਲਗਾ ਦਿੱਤੀ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਕਿਹਾ ਕਿ ਉਹ ਫਿਲਮ ਦੀ ਗੁਣਵੱਤਾ ਜਾਂ ਸਮੱਗਰੀ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ। ਫਿਲਮ ਦੇਖਣਾ ਦਰਸ਼ਕਾਂ ਦਾ ਅਧਿਕਾਰ ਹੈ। ਉਨ੍ਹਾਂ ਦੇ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਦਰਸ਼ਕਾਂ ਨੂੰ ਫਿਲਮ ਦੇਖਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਇਸ ਲਈ ਤੁਰੰਤ ਕਦਮ ਚੁੱਕੇ ਜਾਣ।
ਹਾਊਸ ਆਫ ਕਾਮਨਜ਼ ਨੇਤਾ ਲੂਸੀ ਪਾਵੇਲ ਨੇ ਕਿਹਾ: “ਬੌਬ ਬਲੈਕਮੈਨ ਨੇ ਮਹੱਤਵਪੂਰਨ ਮੁੱਦਾ ਉਠਾਇਆ ਹੈ। ਮੈਂ ਨਿਸ਼ਚਿਤ ਤੌਰ ‘ਤੇ ਇਹ ਯਕੀਨੀ ਕਰਾਂਗਾ ਕਿ ਉਨ੍ਹਾਂ ਨੂੰ ਅਤੇ ਪੂਰੇ ਸਦਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਸਰਕਾਰ ਨੇ ਇਸ ਦਿਸ਼ਾ ਵਿੱਚ ਕੀ ਕਦਮ ਚੁੱਕੇ ਹਨ।” ਇਸ ‘ਤੇ ਬਲੈਕਮੈਨ ਨੇ ਪੁੱਛਿਆ ਕਿ ਕੀ ਗ੍ਰਹਿ ਸਕੱਤਰ ਦਾ ਬਿਆਨ ਅਗਲੇ ਹਫਤੇ ਆ ਸਕਦਾ ਹੈ? ਹਾਊਸ ਆਫ ਕਾਮਨਜ਼ ’ਚ ਇਹ ਮੁੱਦਾ ਉੱਠਣ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਸਿਨੇਮਾ ਵਿੱਚ ਦਾਖਲ ਹੋਏ ਲਗਭਗ 30 ਪ੍ਰਦਰਸ਼ਨਕਾਰੀਆਂ ਨੂੰ ਖਿੰਡਾਇਆ ਗਿਆ ਪਰ ਕੋਈ ਗ੍ਰਿਫਤਾਰੀ ਨਹੀਂ ਹੋਈ।
‘ਦਿ ਹੇਰਾਲਡ’ ਦੇ ਅਨੁਸਾਰ, ‘ਐਮਰਜੈਂਸੀ ‘ਫਿਲਮ’ 1975 ਤੋਂ 1977 ਦੇ ਵਿਚਕਾਰ ਭਾਰਤੀ ਕਾਲਖੰਡ ’ਤੇ ਕੇਂਦ੍ਰਤ ਹੈ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਦਿੱਤੀ ਅਤੇ ਸਿਆਸੀ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਪ੍ਰੈੱਸ ਦੀ ਆਜ਼ਾਦੀ ‘ਤੇ ਪਾਬੰਦੀ ਲਗਾ ਦਿੱਤੀ ਗਈ। ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਦੇ ਹੁਕਮਾਂ ‘ਤੇ ਲਗਭਗ 6.2 ਮਿਲੀਅਨ ਭਾਰਤੀ ਮਰਦਾਂ ਦੀ ਜਬਰੀ ਨਸਬੰਦੀ ਕੀਤੀ ਗਈ ਸੀ।
ਹਿੰਦੂਸਥਾਨ ਸਮਾਚਾਰ