ਅੰਮ੍ਰਿਤਸਰ, 24 ਜਨਵਰੀ (ਹਿੰ. ਸ.)। ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨ ਲਈ ਖੰਨਾ ਤੋਂ ਅੰਮ੍ਰਿਤਸਰ ਆਏ ਦੋ ਪੁਲਿਸ ਅਧਿਕਾਰੀਆਂ ਨਾਲ ਹਾਦਸਾ ਵਾਪਰ ਗਿਆ ਹੈ। ਨਸ਼ੀਲੇ ਪਦਾਰਥਾਂ ਨੂੰ ਅੱਗ ਵਿਚ ਨਸ਼ਟ ਕਰਦੇ ਹੋਏ ਦੋ ਅਧਿਕਾਰੀ ਬੁਰੀ ਤਰ੍ਹਾਂ ਝੁਲਸ ਗਏ। ਫਿਲਹਾਲ ਦੋਵੇਂ ਅਧਿਕਾਰੀਆਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਐਸ. ਪੀ. ਤਰੁਣ ਰਤਨ ਅਤੇ ਡੀ. ਐਸ. ਪੀ. ਸੁੱਖ ਅੰਮ੍ਰਿਤਪਾਲ ਸਿੰਘ ਆਪਣੀਆਂ ਟੀਮਾਂ ਸਮੇਤ ਖੰਨਾ ਤੋਂ ਅੰਮ੍ਰਿਤਸਰ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨ ਲਈ ਪੁੱਜੇ ਸਨ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਤੋਂ ਅੰਮ੍ਰਿਤਸਰ ਦੀ ਖੰਨਾ ਪੇਪਰ ਮਿੱਲ ਦੇ ਬਾਇਲਰਾਂ ਅਤੇ ਭੱਠੀਆਂ ਵਿੱਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਆਉਂਦੇ ਹਨ। ਖੰਨਾ ਪੁਲਿਸ ਦੇ ਇਹ ਦੋ ਅਧਿਕਾਰੀ ਵੀ ਹਾਲ ਹੀ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਪੇਪਰ ਮਿੱਲ ਪਹੁੰਚੇ ਸਨ ਪਰ ਇਸ ਦੌਰਾਨ ਦੋਵੇਂ ਪੁਲਿਸ ਅਧਿਕਾਰੀ ਅੱਗ ਦੀ ਲਪੇਟ ‘ਚ ਆ ਗਏ।
ਹਿੰਦੂਸਥਾਨ ਸਮਾਚਾਰ