ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਹੁਣ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਮੈਕਸੀਕੋ ਦੀ ਦੱਖਣੀ ਸਰਹੱਦ ‘ਤੇ ਅਜਿਹੇ ਲੋਕਾਂ ਦੀ ਲਗਾਤਾਰ ਪਛਾਣ ਕਰ ਰਿਹਾ ਹੈ। ਜੋ ਬਿਨਾਂ ਕਿਸੇ ਦਸਤਾਵੇਜ਼ ਦੇ ਅਮਰੀਕਾ ਵਿੱਚ ਦਾਖਲ ਹੋਏ ਹਨ ਅਤੇ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਹਨ। ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਬਰਦਾਸ਼ਤ ਨਹੀਂ ਕਰਨਗੇ।
ਅਮਰੀਕਾ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਕਾਰਣ ਉੱਥੇ ਰਹਿਣ ਵਾਲੇ ਭਾਰਤੀਆਂ ਵਿੱਚ ਤਣਾਅ ਵਧ ਗਿਆ ਹੈ ਕਿਉਂਕਿ ਅਮਰੀਕਾ ਵਿੱਚ 20 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ ਜਿਨ੍ਹਾਂ ਕੋਲ ਜਾਇਜ਼ ਦਸਤਾਵੇਜ਼ ਨਹੀਂ ਹਨ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਅੰਕੜਿਆਂ ਅਨੁਸਾਰ, ਨਵੰਬਰ 2024 ਤੱਕ, 20,407 ਲੋਕ ਸਨ ਜਿਨ੍ਹਾਂ ਨੂੰ ਅਮਰੀਕਾ ‘ਬਿਨਾਂ ਦਸਤਾਵੇਜ਼ਾਂ’ ਜਾਂ ‘ਅਧੂਰੇ ਦਸਤਾਵੇਜ਼ਾਂ’ ਵਜੋਂ ਦਰਸਾਉਂਦਾ ਹੈ।
ਇਹ ਖਦਸ਼ਾ ਹੈ ਕਿ ਅਮਰੀਕਾ ਅਜਿਹੇ ਭਾਰਤੀਆਂ ਨੂੰ ਵਾਪਸ ਭਾਰਤ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇਸ ਮੁੱਦੇ ‘ਤੇ, ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਿਨਾਂ ਦਸਤਾਵੇਜ਼ਾਂ ਵਾਲੇ ਭਾਰਤੀਆਂ ਦੀ ਕਾਨੂੰਨੀ ਵਾਪਸੀ ਲਈ ਹਮੇਸ਼ਾ ਤਿਆਰ ਹੈ ਪਰ ਅਮਰੀਕਾ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜੈਸ਼ੰਕਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਤਿਭਾਸ਼ਾਲੀ ਭਾਰਤੀ ਗਲੋਬਲ ਪਲੇਟਫਾਰਮਾਂ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਪਰ ਅਸੀਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦਾ ਵਿਰੋਧ ਕਰਦੇ ਹਾਂ। ਜੈਸ਼ੰਕਰ ਨੇ ਕਿਹਾ, ਜੇਕਰ ਸਾਡਾ ਕੋਈ ਨਾਗਰਿਕ ਉੱਥੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਹੈ ਅਤੇ ਸਾਨੂੰ ਯਕੀਨ ਹੈ ਕਿ ਉਹ ਸਾਡੇ ਨਾਗਰਿਕ ਹਨ, ਤਾਂ ਅਸੀਂ ਉ ਕਾਨੂੰਨੀ ਤੌਰ ‘ਤੇ ਭਾਰਤ ਵਾਪਸੀ ਲਈ ਹਮੇਸ਼ਾ ਤਿਆਰ ਹਾਂ। ਅਸੀਂ ਅਮਰੀਕਾ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।
ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰੀ ਨੇ ਅਮਰੀਕਾ ਤੋਂ ਵੀਜ਼ਾ ਮਿਲਣ ਵਿੱਚ ਦੇਰੀ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਇਹ ਸਹੀ ਨਹੀਂ ਹੈ ਕਿ ਕੋਈ ਵੀ ਦੇਸ਼ ਕਿਸੇ ਵਿਅਕਤੀ ਨੂੰ ਵੀਜ਼ਾ ਦੇਣ ਲਈ 400 ਦਿਨਾਂ ਤੋਂ ਵੱਧ ਉਡੀਕ ਕਰਵਾਉਂਦਾ ਹੈ।