ਸੁਲਤਾਨਪੁਰ ਲੋਧੀ, 23 ਜਨਵਰੀ (ਹਿੰ. ਸ.)। ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਕਿਸਾਨ ਜਥੇਬੰਦੀਆ ਦੇ ਆਗੂਆਂ ਵਲੋਂ ਆਪਣੇ-ਆਪਣੇ ਇਲਾਕੇ ‘ਚ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ‘ਚ ਵੱਧ ਤੋਂ ਵੱਧ ਟਰੈਕਟਰ ਲੈ ਕੇ ਸ਼ਾਮਲ ਹੋਣ ਲਈ ਇਲਾਕੇ ਦੇ ਕਿਸਾਨ ਤੇ ਹੋਰ ਵੀਰਾਂ ਨੂੰ ਸ਼ਾਮਲ ਹੋਣ ਲਈ ਅਪੀਲਾਂ ਕੀਤੀਆ ਜਾ ਰਹੀਆ ਹਨ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਹਲਕੇ ‘ਚ ਸੰਯੁਕਤ ਕਿਸਾਨ ਮੋਰਚਾ ਦੇ ਐਡ ਰਜਿੰਦਰ ਸਿੰਘ ਰਾਣਾ ਤੇ ਹੋਰ ਆਗੂਆਂ ਨੇ ਟਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਕਿਸਾਨਾਂ ਤੇ ਹੋਰ ਲੋਕਾਂ ਨੂੰ ਪ੍ਰੇਡ ‘ਚ ਪੁੱਜਣ ਲਈ ਅਪੀਲ ਕੀਤੀ।ਰਜਿੰਦਰ ਸਿੰਘ ਰਾਣਾ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 26 ਜਨਵਰੀ ਨੂੰ ਹੋਣ ਵਾਲਾ ਟ੍ਰੈਕਟਰ ਮਾਰਚ ਦਾਣਾ ਮੰਡੀ ਤੋਂ 12 ਵਜੇ ਸ਼ੁਰੂ ਹੋਵੇਗਾ ਤੇ ਫਿਰ ਇਹ ਮਾਰਚ ਵਾਇਆ ਹੈਬਤਪੁਰ, ਮਸੀਤਾਂ, ਟਿੱਬਾ ਤੋਂ ਹੁੰਦਾ ਹੋਇਆ 3 ਵਜੇ ਸਮਾਪਤ ਹੋਵੇਗਾ। ਉਨਾਂ ਦੱਸਿਆ ਕਿ ਮੁੰਡੀ ਮੋੜ, ਮਹਿਰਵਾਲਾ ਤੇ ਫੱਤੂ ਢੀਂਗਾ ਦੇ ਨੇੜਲੇ ਪਿੰਡਾਂ ਦੇ ਕਿਸਾਨ ਗੁਰਦੁਆਰਾ ਨਾਨਕ ਨਿਵਾਸ ਮੰਗੂਪੁਰ ਵਿਖੇ ਇਕੱਠੇ ਹੋ ਕੇ ਵਾਇਆ ਤਲਵੰਡੀ ਚੌਧਰੀਆਂ ਤੇ ਸੁਲਤਾਨਪੁਰ ਲੋਧੀ ਦਾਣਾ ਮੰਡੀ ਪਹੁੰਚਣਗੇ। ਇਸੇ ਤਰ੍ਹਾਂ ਟਿੱਬਾ ਦੇ ਨਜ਼ਦੀਕ ਪਿੰਡਾਂ ਦੇ ਕਿਸਾਨ ਟ੍ਰੈਕਟਰ ਲੈ ਕੇ ਵਾਇਆ ਤਲਵੰਡੀ ਚੌਧਰੀਆਂ, ਮੰਡ ਇਲਾਕੇ ਦੇ ਕਿਸਾਨ ਟਰੈਕਟਰ ਲੈ ਕੇ ਚੌਂਕ ਤਲਵੰਡੀ ਪੁੱਲ ਤੋਂ ਸ਼ਹੀਦ ਉਧਮ ਸਿੰਘ ਸਮਾਰਕ ਹੁੰਦੇ ਹੋਏ ਦਾਣਾ ਮੰਡੀ ਸੁਲਤਾਨਪੁਰ ਲੋਧੀ ਪਹੁੰਚਣਗੇ।ਉਨ੍ਹਾਂ ਦੱਸਿਆ ਕਿ ਇਸ ਮਾਰਚ ਦਾ ਮਕਸਦ ਕੇਦਰ ਸਰਕਾਰ ਨੂੰ ਜਗਾਉਣਾ ਹੈ ਤਾਂ ਕਿ ਸਰਕਾਰ ਐਮ. ਐਸ. ਪੀ. ਤੇ ਖਰੀਦ ਗਰੰਟੀ ਕਨੂੰਨ ਬਣਾਵੇ ਤੇ ਨਵੇਂ ਬਣਾਏ ਕਿਸਾਨ ਵਿਰੋਧੀ ਕਨੂੰਨ ਰੱਦ ਕਰੇ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ ਖਰੜੇ ਦੇ ਵਿਰੋਧ ਵਿਚ ਸਮੁੱਚੇ ਦੇਸ਼ ਵਾਂਗ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਵਿੱਚ ਵੀ 26 ਜਨਵਰੀ ਨੂੰ ਤਹਿਸੀਲ ਪੱਧਰ ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ