ਨਵੀਂ ਦਿੱਲੀ, 22 ਜਨਵਰੀ (ਹਿੰ.ਸ.)। ਕਰਤੱਵ ਪਥ ’ਤੇ ਗਣਤੰਤਰ ਦਿਵਸ ਪਰੇਡ ’ਚ ਇਸ ਵਾਰ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਕਰਨ ਦੇ ਸਮਰੱਥ 144 ਜਲ ਸੈਨਾ ਦੇ ਜਵਾਨ ਮੋਢੇ ਨਾਲ ਮੋਢਾ ਜੋੜ ਕੇ ਮਾਰਚ ਕਰਨਗੇ। ਜਲ ਸੈਨਾ ਦੀ ਇਸ ਮਾਰਚਿੰਗ ਟੁਕੜੀ ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਜਲ ਸੈਨਾ ਦੀ ਝਾਂਕੀ ਵਿੱਚ ਸਵਦੇਸ਼ੀ ਫਰੰਟਲਾਈਨ ਜਹਾਜ਼ ਆਈਐਨਐਸ ਸੂਰਤ, ਆਈਐਨਐਸ ਨੀਲਗਿਰੀ ਅਤੇ ਪਣਡੁੱਬੀ ਆਈਐਨਐਸ ਵਾਗਸ਼ੀਰ ਨੂੰ ਦਿਖਾਇਆ ਜਾਵੇਗਾ, ਜਿਨ੍ਹਾਂ ਨੂੰ ਹਾਲ ਹੀ ਵਿੱਚ ਭਾਰਤ ਦੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਨੇਵਲ ਬੈਂਡ ਮਾਣ ਅਤੇ ਸਨਮਾਨ ਨਾਲ ਦਿਲ ਨੂੰ ਛੂਹਣ ਵਾਲੀਆਂ ਅਤੇ ਪੈਰਾਂ ਨੂੰ ਹਿਲਾ ਦੇਣ ਵਾਲੀਆਂ ਧੁਨਾਂ ਵਜਾਏਗਾ।
ਮਾਰਚਿੰਗ ਟੁਕੜੀ ਦੇ ਕਮਾਂਡਰ ਲੈਫਟੀਨੈਂਟ ਕਮਾਂਡਰ ਸਾਹਿਲ ਆਹਲੂਵਾਲੀਆ ਨੇ ਦੱਸਿਆ ਕਿ ਇਸ ਵਾਰ ਭਾਗ ਲੈਣ ਵਾਲੀ ਜਲ ਸੈਨਾ ਦੀ ਟੁਕੜੀ ਵਿੱਚ 144 ਜਵਾਨ ਸ਼ਾਮਲ ਹੋਣਗੇ, ਜੋ ਇਤਿਹਾਸਕ ਕਰਤੱਵ ਪਥ ‘ਤੇ ਮੋਢੇ ਨਾਲ ਮੋਢਾ ਜੋੜ ਕੇ ਮਾਰਚ ਕਰਨਗੇ। ਟੁਕੜੀ ਦੇ ਮੈਂਬਰਾਂ ਦੀ ਔਸਤ ਉਮਰ 25 ਸਾਲ ਹੈ। ਇਨ੍ਹਾਂ ਜਵਾਨਾਂ ਨੂੰ ਭਾਰਤੀ ਜਲ ਸੈਨਾ ਦੀਆਂ ਸਾਰੀਆਂ ਸ਼ਾਖਾਵਾਂ ਵਿੱਚੋਂ ਚੁਣਿਆ ਗਿਆ ਹੈ ਅਤੇ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਇਸ ਟੁਕੜੀ ਦੀ ਅਗਵਾਈ ਪਲਟਨ ਕਮਾਂਡਰ ਵਜੋਂ ਲੈਫਟੀਨੈਂਟ ਕਮਾਂਡਰ ਇੰਦਰੇਸ਼ ਚੌਧਰੀ, ਲੈਫਟੀਨੈਂਟ ਕਮਾਂਡਰ ਕਾਜਲ ਭਾਰਵੀ ਅਤੇ ਲੈਫਟੀਨੈਂਟ ਦਵਿੰਦਰ ਕੁਮਾਰ ਕਰਨਗੇ।
ਉਨ੍ਹਾਂ ਦੱਸਿਆ ਕਿ ਜਲ ਸੈਨਾ ਦੀ ਮਾਰਚਿੰਗ ਟੁਕੜੀ ਵੀ ਮਿੰਨੀ ਭਾਰਤ ਦੀ ਨੁਮਾਇੰਦਗੀ ਕਰਦੀ ਹੈ, ਜਿਸ ਵਿੱਚ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਧਿਕਾਰੀ ਅਤੇ ਨਾਵਿਕ ਸ਼ਾਮਲ ਹਨ। ਗਣਤੰਤਰ ਦਿਵਸ ਪਰੇਡ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ, ਵਿਭਿੰਨਤਾ, ਫੌਜੀ ਸ਼ਕਤੀ ਅਤੇ ਤਕਨੀਕੀ ਤਰੱਕੀ ਨੂੰ ਪ੍ਰਦਰਸ਼ਿਤ ਕਰਦੀ ਹੈ। ਭਾਰਤੀ ਜਲ ਸੈਨਾ ‘ਯੁੱਧ ਲਈ ਤਿਆਰ, ਭਰੋਸੇਮੰਦ, ਇਕਸੁਰ ਅਤੇ ਭਵਿੱਖ ਲਈ ਤਿਆਰ ਫੋਰਸ’ ਹੋਣ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿਚ ਰੱਖਦੇ ਹੋਏ, ਪਰੇਡ ਅਤੇ ਬੀਟਿੰਗ ਰੀਟ੍ਰੀਟ ਵਿਚ ਹਿੱਸਾ ਲੈਣ ਵਾਲੇ ਸਾਰੇ ਕਰਮਚਾਰੀ ਸਵੈ-ਨਿਰਭਰਤਾ ਰਾਹੀਂ ਸਮੁੰਦਰੀ ਸੁਰੱਖਿਆ ਲਈ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਨਗੇ।
ਜਲ ਸੈਨਾ ਦੀ ਝਾਂਕੀ : ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਮਾਣ ਅਤੇ ਵਚਨਬੱਧਤਾ ਨਾਲ ਭਰੇ ਇਤਿਹਾਸ ਨਾਲ ਭਾਰਤੀ ਜਲ ਸੈਨਾ ਦੀ ਝਾਂਕੀ ‘ਮਜ਼ਬੂਤ ਰਾਸ਼ਟਰ’ ਲਈ ਮਜ਼ਬੂਤ ਜਲ ਸੈਨਾ ਦੀ ਲੋੜ ਦਾ ਸਪਸ਼ਟ ਉਦਾਹਰਨ ਹੋਵੇਗੀ। ਭਾਰਤੀ ਜਲ ਸੈਨਾ ਆਪਣੀਆਂ ਬਹੁ-ਆਯਾਮੀ ਸੰਪਤੀਆਂ ਨਾਲ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਕਰਨ ਲਈ ਕਿਸੇ ਵੀ ਸਮੇਂ, ਕਿਤੇ ਵੀ ਅਤੇ ਭਾਰਤ ਦੇ ਵਿਕਾਸ, ਸ਼ਾਨ ਅਤੇ ਖੁਸ਼ਹਾਲੀ ਲਈ ਰਾਹ ਪੱਧਰਾ ਕਰਨ ਲਈ ਵਚਨਬੱਧ ਹੈ। ਇਸ ਝਾਂਕੀ ਵਿੱਚ ਸਵਦੇਸ਼ੀ ਫਰੰਟਲਾਈਨ ਸਮੁੰਦਰੀ ਜਹਾਜ਼ ਆਈਐਨਐਸ ਸੂਰਤ, ਆਈਐਨਐਸ ਨੀਲਗਿਰੀ ਅਤੇ ਪਣਡੁੱਬੀ ਆਈਐਨਐਸ ਵਾਗਸ਼ੀਰ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਜਨਵਰੀ ਨੂੰ ਮੁੰਬਈ ਵਿੱਚ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ। ਝਾਂਕੀ ਦੇ ਕਮਾਂਡਰ ਲੈਫਟੀਨੈਂਟ ਕਮਾਂਡਰ ਮਮਤਾ ਸਿਹਾਗ ਅਤੇ ਲੈਫਟੀਨੈਂਟ ਵਿਪੁਲ ਸਿੰਘ ਗਹਿਲੋਤ ਹੋਣਗੇ।
ਜਲ ਸੈਨਾ ਬੈਂਡ :ਇੰਡੀਅਨ ਨੇਵੀ ਬੈਂਡ ਦੀ ਅਗਵਾਈ ਐਮ.ਐਂਟਨੀ ਰਾਜ, ਐਮਸੀਪੀਓ ਸੰਗੀਤਕਾਰ ਫਸਟ ਕਲਾਸ ਵੱਲੋਂ ਕੀਤੀ ਜਾਵੇਗੀ ਅਤੇ ਇਸ ਵਿੱਚ 80 ਸੰਗੀਤਕਾਰ ਸ਼ਾਮਲ ਹੋਣਗੇ। ਇਹ ਸਾਰੇ ਮਾਣ ਅਤੇ ਸਨਮਾਨ ਨਾਲ ਪਰੇਡ ਵਿੱਚ ਦਿਲ ਨੂੰ ਛੂਹ ਲੈਣ ਵਾਲੀਆਂ ਅਤੇ ਪੈਰਾਂ ਨੂੰ ਹਿਲਾਉਣ ਲਈ ਮਜ਼ਬੂਰ ਕਰਨ ਮਵਾਲੀਆਂ ਧੁਨਾਂ ਦਾ ਪ੍ਰਦਰਸ਼ਨ ਕਰਨਗੇ। ਇਹ ਨੇਵਲ ਬੈਂਡ 29 ਜਨਵਰੀ ਨੂੰ ਗਣਤੰਤਰ ਦਿਵਸ ਦੇ ਸਮਾਪਤੀ ਸਮਾਰੋਹ ਮੌਕੇ ਵਿਜੇ ਚੌਕ ਵਿਖੇ ਬੀਟਿੰਗ ਰਿਟ੍ਰੀਟ ਵਿੱਚ ਕਈ ਨਵੀਆਂ ਰਚਨਾਵਾਂ ਪੇਸ਼ ਕਰਕੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰੇਗਾ। ਇਸ ਬੈਂਡ ਵਿੱਚ ਪਹਿਲੀ ਵਾਰ ਛੇ ਔਰਤਾਂ ਸ਼ਾਮਲ ਹੋ ਰਹੀਆਂ ਹਨ।
ਹਿੰਦੂਸਥਾਨ ਸਮਾਚਾਰ