Diljit Dosanjh Film: ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਹੁਣ 7 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਨਹੀਂ ਹੋਵੇਗੀ। ਦਿਲਜੀਤ ਨੇ ਖੁਦ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ, ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਸਨ। ਇਸਦੀ ਰਿਲੀਜ਼ ਨੂੰ ਲੈ ਕੇ ਭਾਰਤ ਵਿੱਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝਾ ਕੀਤਾ – ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ‘ਪੰਜਾਬ 95’ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ, ਕੁਝ ਹਾਲਾਤਾਂ ਦੇ ਕਾਰਨ ਜੋ ਸਾਡੇ ਕੰਟਰੋਲ ਤੋਂ ਬਾਹਰ ਹਨ।
ਹਫ਼ਤਾ ਪਹਿਲਾਂ ਦਿਲਜੀਤ ਨੇ ਸਾਂਝਾ ਕੀਤਾ ਸੀ ਟ੍ਰੇਲਰ
ਅਜੇ ਇਕ ਹਫ਼ਤਾ ਪਹਿਲਾਂ ਹੀ ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਫਿਲਮ ਦਾ ਇਕ ਰੋਮਾਂਚਕ ਟ੍ਰੇਲਰ ਰਿਲੀਜ਼ ਕੀਤਾ ਸੀ, ਜਿਸ ਵਿਚ ਉਸ ਨੇ ਆਪਣੇ ਫਾਲੋਅਰਜ਼ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ ’95, 7 ਫ਼ਰਵਰੀ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਇੱਕ ਪੋਸਟ ਵਿੱਚ “ਪੂਰੀ ਫਿਲਮ, ਕੋਈ ਕੱਟ ਨਹੀਂ” ਦਾ ਵਾਅਦਾ ਵੀ ਕੀਤਾ ਸੀ।
ਹਾਲਾਂਕਿ, ਟ੍ਰੇਲਰ ਨੂੰ ਬਾਅਦ ਵਿੱਚ ਭਾਰਤ ਵਿੱਚ YouTube ਤੋਂ ਹਟਾ ਦਿੱਤਾ ਗਿਆ ਸੀ, ਅਤੇ ਕਿਹਾ ਗਿਆ ਕਿ ਇਹ ਵੀਡੀਓ ਤੇ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਅਤੇ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ। ਟ੍ਰੇਲਰ ਨੂੰ 20 ਘੰਟਿਆਂ ਦੇ ਅੰਦਰ ਕਰੀਬ 300,000 ਤੋਂ ਵੱਧ ਵਿਊਜ਼ ਮਿਲੇ ਸਨ।