ਮੋਹਾਲੀ, 18 ਜਨਵਰੀ (ਹਿੰ. ਸ.)। ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਬਾਰੇ ਬੋਲੇ ਅਪਸ਼ਬਦਾਂ ਵਿਰੁੱਧ ਕੁਲ ਹਿੰਦ ਕਾਂਗਰਸ ਪਾਰਟੀ ਦੀਆਂ ਹਦਾਇਤਾਂ ‘ਤੇ ਬਲਾਕ ਕਾਂਗਰਸ ਕਮੇਟੀ ਨੇ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ‘ਦੇ ਨਾਹਰੇ ਹੇਠ ਭਾਰੀ ਰੋਸ ਪ੍ਰਦਰਸ਼ਨ ਅਤੇ ਮਾਰਚ ਕੀਤਾ lਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੇ ਹੱਥਾਂ ਵਿਚ ਤਖ਼ਤੀਆਂ ਲੈ ਕੇ ਅਮਿਤ ਸ਼ਾਹ ਵਿਰੁੱਧ ਆਕਾਸ਼-ਗੂੰਜਾਊ ਨਾਹਰੇ ਲਾਉਂਦਿਆਂ ਮੰਗ ਕੀਤੀ ਕਿ ਗ੍ਰਹਿ ਮੰਤਰੀ ਡਾ . ਅੰਬੇਦਕਰ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਤੁਰੰਤ ਵਾਪਸ ਲੈਣ ਅਤੇ ਸਾਰੇ ਦੇਸ਼ ਕੋਲੋਂ ਮਾਫ਼ੀ ਮੰਗਣ l ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਆਖਿਆ ਕਿ ਅਮਿਤ ਸ਼ਾਹ ਦੇ ਬਿਆਨ ਦੇ ਬਿਆਨ ਤੋਂ ਭਾਜਪਾ ਦੀ ਦਲਿਤ-ਵਿਰੋਧੀ ਸੋਚ ਸਾਫ਼ ਝਲਕਦੀ ਹੈ l ਉਨ੍ਹਾਂ ਕਿਹਾ ਕਿ ਭਾਜਪਾ ਦੀ ਬੁਨਿਆਦ ਹੀ ਦਲਿਤ ਅਤੇ ਦਬੇ-ਕੁਚਲੇ ਵਰਗਾਂ ਉਤੇ ਅਤਿਆਚਾਰ ਅਤੇ ਸ਼ੋਸ਼ਣ ਉਤੇ ਟਿਕੀ ਹੈ l ਇਹ ਪਹਿਲੀ ਵਾਰ ਨਹੀਂ ਹੋਇਆ ਸਗੋਂ ਪਹਿਲਾਂ ਵੀ ਕਈ ਭਾਜਪਾ ਆਗੂਆਂ ਨੇ ਦਲਿਤਾਂ ਵਿਰੋਧੀ ਬਿਆਨ ਦੇ ਕੇ ਅਪਣੀ ਵੰਡ-ਪਾਊ ਸੋਚ ਦਾ ਪ੍ਰਗਟਾਵਾ ਕੀਤਾ ਹੈ l ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਿਸ ਨੇ ਹਮੇਸ਼ਾ ਹੀ ਦਲਿਤਾਂ ਅਤੇ ਗ਼ਰੀਬ ਵਰਗਾਂ ਦਾ ਸਾਥ ਦਿੱਤਾ ਹੈ, ਅਮਿਤ ਸ਼ਾਹ ਦੀਆਂ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਅਮਿਤ ਸ਼ਾਹ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰੇਗੀ l ਇਹ ਰੋਸ ਪ੍ਰਦਰਸ਼ਨ ਫ਼ੇਜ਼ 3ਬੀ1 ਰੋਜ਼ ਗਾਰਡਨ ਪਾਰਕ ਤੋਂ 5 ਫ਼ੇਜ਼ ਦੀਆਂ ਬੱਤੀਆਂ ਤਕ ਕੱਢਿਆ ਗਿਆ l
ਹਿੰਦੂਸਥਾਨ ਸਮਾਚਾਰ