ਚੰਡੀਗੜ੍ਹ, 16 ਜਨਵਰੀ (ਹਿੰ.ਸ.)। ਬੀ.ਐਸ.ਐਫ ਨੇ ਪੰਜਾਬ ਦੇ ਸਰਹੱਦੀ ਇਲਾਕੇ ‘ਚ ਆਪਰੇਸ਼ਨ ਚਲਾਉਂਦੇ ਹੋਏ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਕਰੀਬ ਸਾਢੇ ਅੱਠ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਬੀਐਸਐਫ ਦੇ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਪਿੰਡ ਬੱਲਰਵਾਲ ਵਿੱਚ ਬੀਐਸਐਫ ਜਵਾਨਾਂ ਵੱਲੋਂ ਤਲਾਸ਼ੀ ਦੌਰਾਨ ਇੱਕ ਵੱਡਾ ਪੀਲਾ ਪੈਕਟ ਬਰਾਮਦ ਕੀਤਾ ਗਿਆ। ਜਦੋਂ ਇਸ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਇਸ ਵਿੱਚ ਹੈਰੋਇਨ ਦੇ 15 ਛੋਟੇ ਪੈਕੇਟ ਸਨ। ਬਰਾਮਦ ਕੀਤੀ ਗਈ ਹੈਰੋਇਨ ਦਾ ਕੁੱਲ ਵਜ਼ਨ 8.560 ਗ੍ਰਾਮ ਹੈ। ਹੁਣ ਤੱਕ ਬੀਐਸਐਫ ਕਈ ਵਾਰ ਡਰੋਨ ਰਾਹੀਂ ਪੈਕਟਾਂ ਵਿੱਚ ਹੈਰੋਇਨ ਬਰਾਮਦ ਕਰ ਚੁੱਕੀ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਛੋਟੀ ਪੈਕਿੰਗ ਵਿੱਚ ਹੈਰੋਇਨ ਸੁੱਟੀ ਗਈ ਹੈ। ਅਜਿਹੇ ਸੰਕੇਤ ਮਿਲੇ ਹਨ ਕਿ ਇਹ ਛੋਟੇ ਪੈਕੇਟ ਕਈ ਥਾਵਾਂ ‘ਤੇ ਸਪਲਾਈ ਕੀਤੇ ਜਾਣੇ ਸਨ। ਬੀਐਸਐਫ ਨੇ ਬਰਾਮਦ ਕੀਤੀ ਹੈਰੋਇਨ ਨੂੰ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਹੈ। ਪੰਜਾਬ ਪੁਲਿਸ ਦੀ ਮਦਦ ਨਾਲ ਸਰਹੱਦੀ ਪਿੰਡਾਂ ਵਿੱਚ ਇਹ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਵੱਲੋਂ ਭੇਜੀ ਗਈ ਖੇਪ ਕਿਹੜਾ ਵਿਅਕਤੀ ਲਿਜਾਣਾ ਚਾਹੁੰਦਾ ਸੀ।
ਹਿੰਦੂਸਥਾਨ ਸਮਾਚਾਰ