ਮਸ਼ਹੂਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਚਾਕੂਆਂ ਨਾਲ ਹਮਲਾ ਹੋਇਆ ਹੈ। ਦਸਣਯੋਗ ਹੈ ਕਿ ਚੋਰ ਰਾਤ 2 ਵਜੇ ਦੇ ਕਰੀਬ ਅਦਾਕਾਰ ਦੇ ਘਰ ਵਿੱਚ ਦਾਖਲ ਹੋਏ ਅਤੇ ਸੈਫ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ‘ਤੇ 2-3 ਵਾਰ ਹਮਲਾ ਹੋਇਆ। ਇਸ ਸਮੇਂ ਸੈਫ ਅਲੀ ਖਾਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹਨ। ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਕੌਣ ਸੀ? ਪੁਲਸ ਇਸ ਹਾਈ ਪ੍ਰੋਫਾਈਲ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਲੀਲਾਵਤੀ ਹਸਪਤਾਲ ਦੇ ਸੀਓਓ ਡਾ. ਨੀਰਜ ਉਤਭਾਨੀ ਨੇ ਕਿਹਾ ਕਿ ਸੈਫ ਨੂੰ ਸਵੇਰੇ 3:30 ਵਜੇ ਉਨ੍ਹਾਂ ਦੇ ਹਸਪਤਾਲ ਲਿਆਂਦਾ ਗਿਆ। ਉਸਦੇ ਸਰੀਰ ‘ਤੇ ਛੇ ਜ਼ਖ਼ਮ ਮਿਲੇ ਹਨ। ਰੀੜ੍ਹ ਦੀ ਹੱਡੀ ਅਤੇ ਗਰਦਨ ਦੇ ਨੇੜੇ ਡੂੰਘੀ ਸੱਟ ਲੱਗੀ ਹੈ। ਸਵੇਰੇ 5:30 ਵਜੇ ਉਸਦੀ ਸਰਜਰੀ ਹੋਈ। ਉਹ ਖ਼ਤਰੇ ਤੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸਦੇ ਨਿੱਜੀ ਸੁਰੱਖਿਆ ਗਾਰਡਾਂ ਅਤੇ ਨਿੱਜੀ ਸਟਾਫ਼ ਮੈਂਬਰਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਲਮ ਅਦਾਕਾਰ ਸੈਫ ਅਲੀ ਖਾਨ ਦਾ ਬਾਂਦਰਾ ਦੇ ਸਤਿਗੁਰੂ ਸ਼ਰਨ ਬਿਲਡਿੰਗ ਵਿੱਚ ਇੱਕ ਆਲੀਸ਼ਾਨ ਤਿੰਨ ਬੈੱਡਰੂਮ ਵਾਲਾ ਅਪਾਰਟਮੈਂਟ ਹੈ। ਇਸ ਵਿੱਚ ਇੱਕ ਛੱਤ, ਬਾਲਕੋਨੀ ਅਤੇ ਇੱਕ ਸਵੀਮਿੰਗ ਪੂਲ ਵੀ ਹੈ। ਇਸ ਅਪਾਰਟਮੈਂਟ ਵਿੱਚ ਸੈਫ ਕਰੀਨਾ ਕਪੂਰ ਖਾਨ ਅਤੇ ਬੱਚੇ ਤੈਮੂਰ ਅਤੇ ਜੇਹ ਵੀ ਉਨ੍ਹਾਂ ਨਾਲ ਰਹਿੰਦੇ ਹਨ।