ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਦੱਸ ਦਈਏ ਕਿ CM ਮਾਨ ਨੇ ਅੱਜ ਪਟਿਆਲਾ ਦੇ ਕਿਲਾ ਮੁਬਾਰਕ ਵਿੱਚ ਬਣੇ ਹੋਟਲ ਰਣ-ਬਾਸ ਦਾ ਉਦਘਾਟਨ ਕੀਤਾ ਹੈ। ਉਦਘਾਟਨ ਤੋਂ ਬਾਅਦ CM ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਡੈਸਟੀਨੇਸ਼ਨ ਵੈੱਡਿੰਗ ਹੋਟਲ ਹੈ,ਜੋ ਕਿ ਸੈਰ ਸਪਾਟੇ ਨੂੰ ਉਤਸ਼ਾਹਿਤ ਕਰੇਗਾ।
CM ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਕੋਲ ਵੱਡੀ ਵਿਰਾਸਤ ਹੈ, ਪਰ ਪਿਛਲੀਆਂ ਸਰਕਾਰਾਂ ਵੱਲੋਂ ਵਿਰਾਸਤ ਦੀ ਸੰਭਾਲ ਨਹੀਂ ਕੀਤੀ ਗਈ। ਪਹਿਲਾਂ ਕੁਰਸੀ ‘ਤੇ ਬੈਠਣ ਵਾਲਿਆਂ ਨੇ ਸਾਡੀਆਂ ਥਾਵਾਂ ਆਪਣੇ ਦੋਸਤਾਂ ਨੂੰ ਵੇਚ ਦਿੱਤੀਆਂ ਜਿੱਥੇ ਉਨ੍ਹਾਂ ਲੋਕਾਂ ਨੇ ਆਪਣੇ 5 ਹੋਟਲ ਬਣਾ ਲਏ। ਉਹੀ ਕੰਮ ਸਰਕਾਰ ਕਿਉਂ ਨਹੀਂ ਕਰ ਸਕਦੀ. ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਦਿਸ਼ਾ ਵਿਚ ਹੋਰ ਵੀ ਕਈ ਕੰਮ ਕੀਤੇ ਜਾਣਗੇ, ਜਿਹਦੇ ਨਾਲ-ਨਾਲ ਦੂਜੇ ਸੂਬਿਆਂ ਵਿਚ ਪਈ ਸਰਕਾਰੀ ਜ਼ਮੀਨ ਦੀ ਵੀ ਸਹੀ ਵਰਤੋਂ ਕਰ ਕੇ ਸੂਬੇ ਦਾ ਫ਼ਾਇਦਾ ਕਰਵਾਇਆ ਜਾਵੇਗਾ।
ਤੁਹਾਨੂੰ ਦੱਸਦਈਏ ਕਿ ਕਿਲ੍ਹਾ ਮੁਬਾਰਕ ਨੂੰ ਪਹਿਲੀ ਵਾਰ 1763 ਵਿੱਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ ਜਾਟ ਸ਼ਾਸਕ ਬਾਬਾ ਆਲਾ ਸਿੰਘ ਨੇ ਕੱਚੀ ਗੜ੍ਹੀ ਦੇ ਰੂਪ ਵਿੱਚ ਬਣਾਇਆ ਸੀ। ਫਿਰ ਇਸਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ। ਕਿਹਾ ਜਾਂਦਾ ਹੈ ਕਿ 1763 ਵਿੱਚ ਬਣਿਆ ਅਸਲ ਕਿਲ੍ਹਾ, ਪਹਿਲਾਂ ਤੋਂ ਮੌਜੂਦ ਮੁਗਲ ਕਿਲ੍ਹੇ ਦਾ ਵਿਸਥਾਰ ਸੀ ਜੋ ਕਿ ਗਵਰਨਰ ਹੁਸੈਨ ਖਾਨ ਦੁਆਰਾ ਪਟਿਆਲਾ ਵਿੱਚ ਬਣਾਇਆ ਗਿਆ ਸੀ।