ਪਾਤੜਾਂ, 14 ਜਨਵਰੀ (ਹਿੰ. ਸ.)। ਪਾਤੜਾਂ ਦੇ ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਕਿਹਾ ਹੈ ਕਿ ਚਾਈਨਾ, ਨਾਈਲੋਨ, ਸਿੰਥੈਟਿਕ ਡੋਰ ਉਪਰ ਰੋਕ ਦੇ ਬਾਵਜੂਦ ਇਸ ਡੋਰ ਦੀ ਵਰਤੋਂ ਕਰਨ ਕਰਕੇ ਲੋਕਾਂ ਨਾਲ ਗੰਭੀਰ ਹਾਦਸੇ, ਮਾਸੂਮ ਪੰਛੀਆਂ ਅਤੇ ਜਾਨਵਰਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਹਨਾਂ ਹਾਦਸਿਆਂ ਤੇ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਪ੍ਰਦੂਸ਼ਣ ਬੋਰਡ ਨੇ ਨਿਰਦੇਸ਼ ਜਾਰੀ ਕਰਕੇ ਚਾਈਨਾ/ਨਾਈਲੋਨ/ਸਿੰਥੈਟਿਕ ਡੋਰ ਆਦਿ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਦੇ ਮੱਦੇਨਜ਼ਰ ਅੱਜ ਸਬ ਡਵੀਜਨ ਪਾਤੜਾਂ ਵਿਖੇ ਇੱਕ ਮੀਟਿੰਗ ਕਰਕੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਦੀ ਪਾਲਣਾ ਹਿੱਤ, ਪੰਜਾਬ ਸਰਕਾਰ ਦੇ ਵਿਗਿਆਨ, ਤਕਨੀਕ ਅਤੇ ਵਾਤਾਵਰਣ ਵਿਭਾਗ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਵਾਤਾਵਰਣ (ਸੁਰੱਖਿਆ) ਐਕਟ 1986 ਹੇਠ ਚਾਈਨਾ, ਨਾਈਲੋਨ ਤੇ ਸਿੰਥੈਟਿਕ ਡੋਰ ਆਦਿ ਦੀ ਵਰਤੋਂ ਉਪਰ ਪਹਿਲਾਂ ਹੀ ਰੋਕ ਲਗਾਈ ਹੋਈ ਹੈ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਮੀਟਿੰਗ ਕਰਕੇ ਸਾਰੇ ਸਬੰਧਤ ਵਿਭਾਗਾਂ ਨੂੰ ਇਸ ਪਾਬੰਦੀ ਬਾਰੇ ਜਾਣੂ ਕਰਵਾਕੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਅਸ਼ੋਕ ਕੁਮਾਰ ਨੇ ਦੱਸਿਆ ਕਿ ਨਾਈਲੋਨ, ਪਲਾਸਟਿਕ ਜਾਂ “ਚਾਈਨਾ ਡੋਰ/ਮਾਂਝਾ” ਸਮੇਤ ਕਿਸੇ ਹੋਰ ਸਿੰਥੈਟਿਕ ਸਮੱਗਰੀ ਤੋਂ ਬਣੀ ਪਤੰਗ ਉਠਾਉਣ ਵਾਲੀ ਡੋਰ ਦੇ ਨਿਰਮਾਣ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਦਰਾਮਦ ਅਤੇ ਵਰਤੋਂ ‘ਤੇ ਪਾਬੰਦੀ ਦੇ ਨਾਲ-ਨਾਲ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਕੋਈ ਹੋਰ ਸਿੰਥੈਟਿਕ ਡੋਰ, ਜਿਸ ‘ਤੇ ਨਾ ਗਲਣਸ਼ੀਲ ਸਿੰਥੈਟਿਕ ਪਦਾਰਥ ਦੀ ਪਰਤ ਹੋਵੇ, ‘ਤੇ ਵੀ ਪੂਰਨ ਪਾਬੰਦੀ ਹੈ।ਇਸ ਲਈ ਲੋਕ ਇਸ ਨੂੰ ਨਾ ਵਰਤਣ ਅਤੇ ਜੇਕਰ ਕੋਈ ਵੇਚਦਾ ਹੈ ਤਾਂ ਉਸਦੀ ਵੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪਤੰਗ ਉਡਾਉਣ ਦੀ ਇਜਾਜ਼ਤ ਸਿਰਫ਼ ਸੂਤੀ ਧਾਗੇ ਤੋਂ ਬਣੀ ਡੋਰ ਨਾਲ ਦੀ ਹੀ ਹੈ ਜੋ ਧਾਗੇ ਨੂੰ ਮਜ਼ਬੂਤੀ ਦੇਣ ਵਾਲੇ ਕਿਸੇ ਵੀ ਕੱਚ ਜਾਂ ਤਿੱਖੀ ਸਮੱਗਰੀ/ ਚਿਪਕਣ ਵਾਲੇ ਪਦਾਰਥ ਤੋਂ ਨਾ ਬਣੀ ਹੋਵੇ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਜਾਂ ਇਸ ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ, ਉਕਤ ਐਕਟ ਦੀ ਧਾਰਾ 15 ਅਧੀਨ ਸਜ਼ਾਯੋਗ ਹੈ।ਜਿਸ ਵਿਚ 5 ਸਾਲ ਤੱਕ ਦੀ ਕੈਦ ਅਤੇ/ਜਾਂ ਇੱਕ ਲੱਖ ਰੁਪਏ ਤੱਕ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ ।
ਹਿੰਦੂਸਥਾਨ ਸਮਾਚਾਰ