ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਮੇਲੇ ਮੌਕੇ ਮੰਨੋਰੰਜਨ ਮੇਲਾ ਲੱਗਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੰਨੋਰੰਜਨ ਮੇਲਾ ਮਲੋਟ ਰੋਡ ਤੇ ਲੱਗ ਰਿਹਾ ਹੈ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਜੋੜ ਮੇਲਾ ਮਾਘੀ ਮੌਕੇ ਧਾਰਮਿਕ, ਰਾਜਸੀ ਅਤੇ ਸਮਾਜਿਕ ਸਮਾਗਮ ਹੁੰਦੇ ਹਨ। ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਮੇਲਾ ਮਾਘੀ ਸਬੰਧੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ 12 ਜਨਵਰੀ ਤੋਂ 15 ਜਨਵਰੀ ਤੱਕ ਧਾਰਮਿਕ ਸਮਾਗਮ ਹੋਣਗੇ। ਮੇਲੇ ਦੌਰਾਨ ਰਾਜਸੀ ਕਾਨਫਰੰਸਾਂ ਵੀ ਹੋਣਗੀਆਂ।
ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ ਅਤੇ ‘ਅੰਮ੍ਰਿਤਪਾਲ ਸਿੰਘ ਟੀਮ’ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕਾਨਫਰੰਸ ਮਲੋਟ ਰੋਡ ਬਾਈਪਾਸ ’ਤੇ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਕਾਨਫਰੰਸ ਵਿੱਚ ਪੰਜਾਬ ਭਰ ਦੇ ਆਗੂ ਤੇ ਵਰਕਰ ਪੁੱਜਣਗੇ।
‘ਅੰਮ੍ਰਿਤਪਾਲ ਸਿੰਘ ਟੀਮ’ ਦੀ ਪੰਥਕ ਪਾਰਟੀ ਵੱਲੋਂ ਨਵੀਂ ਸਿਆਸੀ ਪਾਰਟੀ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਬਠਿੰਡਾ ਰੋਡ ਸਥਿਤ ‘ਗਰੀਨ ਸੀ’ ਵਿੱਚ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਕਾਨਫਰੰਸ ਨੂੰ ਸੰਸਦ ਮੈਂਬਰ ਸਰਬਜੀਤ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਹੋਰ ਆਗੂ ਸੰਬੋਧਨ ਕਰਨਗੇ। ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਅਤੇ ਇਸ ਦੇ ਵਿਸਥਾਰ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ।