ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਗੋਇਲ ਦੇਸ਼ ਵਿੱਚ ਬੰਗਲਾਦੇਸ਼ੀਆਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਪਨਾਹ ਦੇਣ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਫੱਸ ਗਏ ਹਨ। ਦਿੱਲੀ ਪੁਲਸ ਨੇ ਵਿਧਾਇਕ ਦੇ ਬੰਗਲਾਦੇਸ਼ੀ ਸਿੰਡੀਕੇਟ ਨਾਲ ਸਬੰਧ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਪੁੱਛਗਿੱਛ ਲਈ ਦੋ ਨੋਟਿਸ ਜਾਰੀ ਕੀਤੇ ਹਨ। ਉਸਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਲਗਾਤਾਰ ਨੋਟਿਸ ਜਾਰੀ ਕੀਤੇ ਗਏ।
ਕੀ ਹੈ ਪੂਰਾ ਮਾਮਲਾ?
ਮਾਮਲਾ ਇਸ ਤਰ੍ਹਾਂ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ, ਦਿੱਲੀ ਪੁਲਸ ਨੇ ਇੱਕ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਜਦੋਂ ਅਧਿਕਾਰੀਆਂ ਨੇ ਪੁੱਛਗਿੱਛ ਦੌਰਾਨ ਬੰਗਲਾਦੇਸ਼ੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਸਤਾਵੇਜ਼ਾਂ ‘ਤੇ ਮਹਿੰਦਰ ਗੋਇਲ ਦੇ ਦਸਤਖਤ ਅਤੇ ਮੋਹਰ ਸੀ। ਫਿਰ ਕੀ ਹੋਇਆ ਕਿ ਪੁਲਸ ਨੇ ‘ਆਪ’ ਵਿਧਾਇਕ ਨੂੰ ਨੋਟਿਸ ਭੇਜਿਆ ਅਤੇ ਇਸ ਮਾਮਲੇ ਦੀ ਜਾਂਚ ਲਈ ਤਲਬ ਕੀਤਾ। ਪਰ ਉਹ ਪੁਲਸ ਸਾਹਮਣੇ ਪੇਸ਼ ਨਹੀਂ ਹੋ ਰਿਹਾ।
ਪੁਲਸ ਨੇ ਸਪੱਸ਼ਟ ਕੀਤਾ ਕਿ ਜਾਅਲੀ ਆਧਾਰ ਕਾਰਡ, ਵੋਟਰ ਆਈਡੀ ਕਾਰਡ ਅਤੇ ਹੋਰ ਦਸਤਾਵੇਜ਼ਾਂ ਨਾਲ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਰੈਕੇਟ ਵਿੱਚ ਸ਼ਾਮਲ ਵਿਚੋਲਿਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਗੋਇਲ ਨਾਲ ਸਬੰਧਤ ਕਈ ਸਬੂਤ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਵਿਧਾਇਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਦਿੱਲੀ ਪੁਲਸ ਨੇ ਇਸ ਸਮੇਂ ਆਪਣੇ ‘ਬੰਗਲਾਦੇਸ਼ ਸੈੱਲ’ ਨੂੰ ਐਕਟਿਵ ਰੱਖਿਆ ਹੈ। ਇੱਥੇ ਬੰਗਾਲੀ ਭਾਸ਼ਾ ਦੇ ਜਾਣਕਾਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਜਦੋਂ ਤੋਂ ਇਹ ਸੈੱਲ ਐਕਟਿਵ ਹੋਇਆ ਹੈ, ਦਿੱਲੀ ਵਿੱਚ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਨੂੰ ਫੜਨ ਦੀ ਰਫ਼ਤਾਰ ਤੇਜ਼ ਹੋ ਗਈ ਹੈ।
“ਆਪ” ਲਗਾ ਰਹੀ ਹੈ ਰਾਜਨੀਤੀ ਦਾ ਦੋਸ਼
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ, ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਭਾਜਪਾ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੋਕਤੰਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵਿਰੋਧੀ ਆਗੂਆਂ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ।