ਚੰਡੀਗੜ੍ਹ, 13 ਜਨਵਰੀ (ਹਿੰ.ਸ.)। ਪੰਜਾਬ ਦੇ ਖਨੋਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਸੋਮਵਾਰ ਨੂੰ 49ਵੇਂ ਦਿਨ ‘ਚ ਦਾਖਲ ਹੋ ਗਈ। ਡੱਲੇਵਾਲ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦੇ ਨਿੱਜੀ ਡਾਕਟਰਾਂ ਨੇ ਐਤਵਾਰ ਰਾਤ ਨੂੰ ਜਾਰੀ ਕੀਤੇ ਮੈਡੀਕਲ ਬੁਲੇਟਿਨ ਵਿੱਚ ਕਿਹਾ ਹੈ ਕਿ ਹੁਣ ਡੱਲੇਵਾਲ ਦਾ ਮਾਸ ਸੁੰਗੜਨਾ ਸ਼ੁਰੂ ਹੋ ਗਿਆ ਹੈ, ਜੋ ਚਿੰਤਾਜਨਕ ਸਥਿਤੀ ਹੈ।
ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਅੱਜ ਪਟਿਆਲਾ ਦੇ ਪਾਤੜਾਂ ਵਿੱਚ ਹੋਣੀ ਹੈ। ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਆਪਸੀ ਰਾਇ ਬਣਾ ਕੇ ਇੱਕ ਮੰਚ ’ਤੇ ਇਕੱਠੇ ਹੋਣ ਦਾ ਐਲਾਨ ਕਰ ਸਕਦੀਆਂ ਹਨ। ਪਹਿਲਾਂ ਇਹ ਮੀਟਿੰਗ 15 ਜਨਵਰੀ ਨੂੰ ਹੋਣੀ ਸੀ ਪਰ ਖਨੋਰੀ ਮੋਰਚੇ ਵੱਲੋਂ ਡੱਲੇਵਾਲ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੱਤੇ ਜਾਣ ਮਗਰੋਂ ਇਹ ਮੀਟਿੰਗ ਸੋਮਵਾਰ ਬਾਅਦ ਦੁਪਹਿਰ ਰੱਖੀ ਜਾ ਰਹੀ ਹੈ। ਜੇਕਰ ਐਸਕੇਐਮ ਦਾ ਸਮਰਥਨ ਮਿਲਦਾ ਹੈ ਤਾਂ ਇਹ ਅੰਦੋਲਨ ਹੋਰ ਵੱਡਾ ਹੋ ਸਕਦਾ ਹੈ, ਕਿਉਂਕਿ ਐਸਕੇਐਮ ਦੇ ਅਧੀਨ 40 ਦੇ ਕਰੀਬ ਜਥੇਬੰਦੀਆਂ ਹਨ। ਜੇਕਰ ਇਹ ਸਾਰੀਆਂ ਜਥੇਬੰਦੀਆਂ ਇੱਕ ਮੰਚ ‘ਤੇ ਆ ਜਾਂਦੀਆਂ ਹਨ ਤਾਂ ਅੰਦੋਲਨ ਹੋਰ ਵੱਡਾ ਰੂਪ ਧਾਰਨ ਕਰ ਸਕਦਾ ਹੈ।
ਹਿੰਦੂਸਥਾਨ ਸਮਾਚਾਰ