ਸਨਾ, 13 ਜਨਵਰੀ (ਹਿੰ.ਸ.)। ਮੱਧ ਯਮਨ ਦੇ ਅਲ ਬਾਇਦਾ ਪ੍ਰਾਂਤ ਵਿਚ ਇੱਕ ਗੈਸ ਸਟੇਸ਼ਨ ‘ਤੇ ਹੋਏ ਧਮਾਕੇ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 67 ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹੂਤੀ ਵਿਦਰੋਹੀਆਂ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਧਮਾਕਾ ਸ਼ਨੀਵਾਰ ਨੂੰ ਬਾਇਦਾ ਪ੍ਰਾਂਤ ਦੇ ਜ਼ਹੇਰ ਜ਼ਿਲ੍ਹੇ ਵਿੱਚ ਹੋਇਆ।
ਮੰਤਰਾਲੇ ਮੁਤਾਬਕ, ਧਮਾਕੇ ‘ਚ ਜ਼ਖਮੀ ਹੋਏ 67 ਲੋਕਾਂ ‘ਚੋਂ 40 ਦੀ ਹਾਲਤ ਗੰਭੀਰ ਹੈ। ਬਚਾਅ ਟੀਮਾਂ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਫਿਲਹਾਲ ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੈ। ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਭਿਆਨਕ ਅੱਗ ਦਿਖਾਈ ਦੇ ਰਹੀ ਹੈ। ਅੱਗ ਲੱਗਣ ਕਾਰਨ ਅਸਮਾਨ ਵਿੱਚ ਧੂੰਏਂ ਦੇ ਬੱਦਲ ਛਾਏ ਹੋਏ ਹਨ ਅਤੇ ਸੜਦੀਆਂ ਗੱਡੀਆਂ ਸਾਫ਼ ਦਿਖਾਈ ਦੇ ਰਹੀਆਂ ਹਨ।
ਦਈਏ ਕਿ ਬਾਇਦਾ ‘ਤੇ ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਦਾ ਕੰਟਰੋਲ ਹੈ, ਜੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਯਮਨ ਦੀ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਰਕਾਰ ਨਾਲ ਯੁੱਧ ਕਰ ਰਹੇ ਹਨ। ਯਮਨ ਦਾ ਘਰੇਲੂ ਯੁੱਧ 2014 ਵਿੱਚ ਸ਼ੁਰੂ ਹੋਇਆ, ਜਦੋਂ ਵਿਦਰੋਹੀਆਂ ਨੇ ਰਾਜਧਾਨੀ ਸਨਾ ਅਤੇ ਦੇਸ਼ ਦੇ ਉੱਤਰੀ ਹਿੱਸੇ ਉੱਤੇ ਕਬਜ਼ਾ ਕਰ ਲਿਆ, ਜਿਸਨੇ ਸਰਕਾਰ ਨੂੰ ਦੱਖਣ, ਫਿਰ ਸਾਊਦੀ ਅਰਬ ਵੱਲ ਭੱਜਣ ਲਈ ਮਜਬੂਰ ਕੀਤਾ। ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਰਕਾਰ ਨੂੰ ਬਹਾਲ ਕਰਨ ਦੀ ਕੋਸ਼ਿਸ਼ ਵਿਚ, ਸਾਊਦੀ ਦੀ ਅਗਵਾਈ ਵਾਲੇ ਗੱਠਜੋੜ ਨੇ ਮਾਰਚ 2015 ਵਿਚ ਯੁੱਧ ਵਿਚ ਪ੍ਰਵੇਸ਼ ਕੀਤਾ, ਜਿਸਨੂੰ ਉਸ ਸਮੇਂ ਅਮਰੀਕਾ ਦਾ ਸਮਰਥਨ ਪ੍ਰਾਪਤ ਸੀ।
ਹਿੰਦੂਸਥਾਨ ਸਮਾਚਾਰ