ਚੰਡੀਗੜ੍ਹ, 11 ਜਨਵਰੀ (ਹਿੰ. ਸ.)। ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੇ ਰਾਜਨੀਤਿਕ ਹਾਲਾਤ ਅਤੇ ਦਿਨੋ-ਦਿਨ ਵਿਗੜਦੇ ਹਾਲਾਤਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲੀ ਹੈ, ਉਸ ਤੋਂ ਬਾਅਦ, ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਉਨ੍ਹਾਂ ਇਹ ਸ਼ਬਦ ਭਾਜਪਾ ਆਗੂ ਪ੍ਰਿਤਪਾਲ ਸ਼ਰਮਾ (ਮੁਕਤਸਰ ਸਾਹਿਬ) ਅਤੇ ਭਾਜਪਾ ਪੰਜਾਬ ਦੇ ਪ੍ਰੇਸ ਸਕੱਤਰ ਹਰਦੇਵ ਸਿੰਘ ਉੱਭਾ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਦਤਰ ਬਣਾ ਦਿੱਤਾ ਹੈ। ਕਈ ਵਾਰ, ਅਪਰਾਧੀਆਂ ਵਲੋਂ ਪੁਲਿਸ ਫੋਰਸ ‘ਤੇ ਪੁਲਸ ਸਟੇਸ਼ਨ ਤੇ ਜਾਨਲੇਵਾ ਹਮਲੇ, ਕਈ ਵਾਰ ਜਨਤਕ ਤੌਰ ‘ਤੇ ਲੋਕਾਂ ਦੇ ਕਤਲ ਅਤੇ ਜਬਰੀ ਵਸੂਲੀ ਆਦਿ ਦੇ ਮਾਮਲੇ ਰੋਜ਼ਾਨਾ ਅਖ਼ਬਾਰਾਂ ਰਾਹੀਂ ਸਾਹਮਣੇ ਆਉਂਦੇ ਹਨ। ਅੱਜ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਦਤਰ ਹੋ ਗਈ ਹੈ। ਸ਼ਹਿਰਾਂ ਅਤੇ ਪਿੰਡਾਂ ਦੀਆਂ ਔਰਤਾਂ ਅਪਰਾਧੀਆਂ, ਲੁਟੇਰਿਆਂ ਅਤੇ ਝਪਟਮਾਰਾਂ ਦੇ ਡਰ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੀਆਂ ਹਨ। ਇਹ ਸੋਚ ਕੇ ਵੀ ਡਰ ਲੱਗਦਾ ਹੈ ਕਿ ਜਿਸ ਸੂਬੇ ਵਿੱਚ ਪੁਲਿਸ ਸੁਰੱਖਿਅਤ ਨਹੀਂ ਹੈ, ਉੱਥੇ ਲੋਕਾਂ ਦੀ ਕੀ ਹਾਲਤ ਹੋ ਸਕਦੀ ਹੈ? ਭਗਵੰਤ ਮਾਨ ਦਾਅਵਾ ਕਰਦੇ ਰਹਿੰਦੇ ਹਨ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਠੀਕ ਹੈ, ਜਦੋਂ ਕਿ ਸੂਬੇ ਦੇ ਲੋਕ ਹੁਣ ਉਸਦੇ ਝੂਠਾਂ ਪਿੱਛੇ ਦੀ ਸੱਚਾਈ ਤੋਂ ਚੰਗੀ ਤਰ੍ਹਾਂ ਜਾਣੂ ਹਨ। ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ ਆਰਥਿਕ ਹਾਲਤ ਵੀ ਖ਼ਰਾਬ ਕਰ ਦਿੱਤੀ ਹੈ। ਭਗਵੰਤ ਮਾਨ ਆਪਣੀ ਸਰਕਾਰ ਚਲਾਉਣ ਲਈ ਇੱਕ ਤੋਂ ਬਾਅਦ ਇੱਕ ਕਰਜ਼ਾ ਲੈ ਰਹੇ ਹਨ। ‘ਆਪ’ ਸਰਕਾਰ ਦੇ ਆਗੂ ਝੂਠ ਦੇ ਆਧਾਰ ‘ਤੇ ਸੱਤਾ ਵਿੱਚ ਆਏ ਸਨ ਅਤੇ ਹੁਣ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਲਈ, ਉਹ ਹਰ ਰੋਜ਼ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਕਰੋੜਾਂ ਰੁਪਏ ਆਪਣੇ ਝੂਠੇ ਇਸ਼ਤਿਹਾਰਾਂ ‘ਤੇ ਖਰਚ ਕਰ ਰਹੇ ਹਨ। ਪ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਮ ‘ਤੇ ਆਮ ਆਦਮੀ ਪਾਰਟੀ ‘ਤੇ ਭਰੋਸਾ ਕੀਤਾ ਸੀ ਅਤੇ ਉਸਨੂੰ ਪੂਰਨ ਬਹੁਮਤ ਦਿੱਤਾ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦਾ ਭਰੋਸਾ ਤੋੜ ਦਿੱਤਾ। ਜਨਤਾ ਨੂੰ ਅਜਿਹੇ ਬਦਲਾਅ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਜਨਤਾ ਨੂੰ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਦਾ ਭਵਿੱਖ ਸਿਰਫ਼ ਭਾਜਪਾ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੋ ਸਕਦਾ ਹੈ। ਅੱਜ ਜਿੰਵੇਂ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿੱਚ, ਦੇਸ਼ ਦੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨI ਜਨਤਾ ਹੁਣ ਸਮਝ ਗਈ ਹੈ ਕਿ ਇੱਕ ਪ੍ਰਗਤੀਸ਼ੀਲ ਅਤੇ ਸ਼ਾਂਤੀਪੂਰਨ ਪੰਜਾਬ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੀ ਸੱਤਾ ਵਿੱਚ ਹੋਣਾ ਜ਼ਰੂਰੀ ਹੈ।
ਹਿੰਦੂਸਥਾਨ ਸਮਾਚਾਰ