ਚੰਡੀਗੜ੍ਹ, 11 ਜਨਵਰੀ (ਹਿੰ.ਸ.)। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਸੀ ਉਰਫ਼ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਗੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ।
ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 12 ਵਜੇ ਵਾਪਰੀ ਜਦੋਂ ਗੋਗੀ ਇੱਕ ਪ੍ਰੋਗਰਾਮ ਤੋਂ ਵਾਪਸ ਪਰਤ ਕੇ ਆਪਣੀ ਲਾਇਸੈਂਸੀ ਪਿਸਤੌਲ ਸਾਫ਼ ਕਰ ਰਹੇ ਸੀ। ਗੋਲੀ ਉਨ੍ਹਾਂ ਦੇ ਸਿਰ ਵਿਚੋਂ ਲੰਘ ਗਈ। ਪਰਿਵਾਰਕ ਮੈਂਬਰ ਅਤੇ ਸੁਰੱਖਿਆ ਕਰਮਚਾਰੀ ਗੋਗੀ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵੀ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਕਰੀਬ 2 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਜਾਣਕਾਰੀ ਅਨੁਸਾਰ ਗੋਗੀ ਸ਼ੁੱਕਰਵਾਰ ਰਾਤ ਨੂੰ ਬੁੱਢਾ ਦਰਿਆ ’ਤੇ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਮਿਲਣ ਸਮੇਤ ਕਈ ਹੋਰ ਪ੍ਰੋਗਰਾਮਾਂ ‘ਚ ਹਿੱਸਾ ਲੈਣ ਤੋਂ ਬਾਅਦ ਆਪਣੇ ਘਰ ਪਹੁੰਚੇ ਸਨ। ਗੋਗੀ ਨੇ ਆਪਣੇ ਨੌਕਰ ਨੂੰ ਖਾਣਾ ਤਿਆਰ ਕਰਵਾਉਣ ਲਈ ਵੀ ਕਿਹਾ। ਇਸ ਦੌਰਾਨ ਅਚਾਨਕ ਗੋਗੀ ਦੇ ਕਮਰੇ ‘ਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਪਤਨੀ ਡਾ. ਸੁਖਚੈਨ ਕੌਰ, ਪੁੱਤਰ ਅਤੇ ਨੌਕਰ ਕਮਰੇ ਵਿਚ ਪਹੁੰਚੇ। ਗੋਗੀ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਡਿੱਗੇ ਪਏ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਰੌਲਾ ਪਾਇਆ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮ ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਦਯਾਨੰਦ ਮੈਡੀਕਲ ਹਸਪਤਾਲ ਲੈ ਗਏ, ਜਿੱਥੇ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸਦਾ ਪਤਾ ਲੱਗਦਿਆਂ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਹਸਪਤਾਲ ਪੁੱਜੇ। ਬਾਅਦ ਵਿੱਚ ਅਧਿਕਾਰੀ ਗੋਗੀ ਦੇ ਘਰ ਵੀ ਪਹੁੰਚ ਗਏ।ਘਟਨਾ ਦੀ ਜਾਂਚ ਕਰ ਰਹੇ ਏਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ 25 ਬੋਰ ਦਾ ਸੀ। ਵਿਧਾਇਕ ਦੀ ਮੌਤ ਕਿਨ੍ਹਾਂ ਹਾਲਾਤਾਂ ‘ਚ ਹੋਈ, ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਨੀਵਾਰ ਸਵੇਰੇ ਕਰੀਬ 5 ਵਜੇ ਲੁਧਿਆਣਾ ਸਥਿਤ ਗੋਗੀ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਅਰੋੜਾ ਨੇ ਕਿਹਾ ਕਿ ਪੁਲਿਸ ਸਾਰੀਆਂ ਥਿਊਰੀਆਂ ‘ਤੇ ਕੰਮ ਕਰ ਰਹੀ ਹੈ। ਪਰਿਵਾਰ ਨਾਲ ਉਨ੍ਹਾਂ ਦੀ ਹਮਦਰਦੀ ਹੈ।
ਕਾਂਗਰਸ ਛੱਡ ਕੇ ਆਏ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਹਰਾਇਆਗੁਰਪ੍ਰੀਤ ਸਿੰਘ ਬਸੀ ਉਰਫ਼ ਗੋਗੀ ਲੰਮਾ ਸਮਾਂ ਕਾਂਗਰਸ ਵਿੱਚ ਰਹੇ। ਗੋਗੀ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਵਿੱਚ ਸ਼ਾਮਲ ਹੋ ਗਏ ਸਨ। ਉਹ ਲੁਧਿਆਣਾ ਨਗਰ ਨਿਗਮ ਵਿੱਚ ਤਿੰਨ ਵਾਰ ਕੌਂਸਲਰ ਰਹੇ। ਉਨ੍ਹਾਂ ਦੀ ਪਤਨੀ ਡਾਕਟਰ ਸੁਖਚੈਨ ਬਸੀ ਵੀ ਇੱਕ ਵਾਰ ਕੌਂਸਲਰ ਰਹਿ ਚੁੱਕੀ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੋਗੀ ਨੇ ਕਾਂਗਰਸ ਉਮੀਦਵਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਸੀ। ਚੋਣਾਂ ਦੌਰਾਨ ਉਹ ਉਸ ਸਮੇਂ ਸੁਰਖੀਆਂ ‘ਚ ਆਏ ਜਦੋਂ ਉਹ ਆਪਣੀ ਪਤਨੀ ਨਾਲ ਇੱਕ ਪੁਰਾਣੇ ਸਕੂਟਰ ‘ਤੇ ਨਾਮਜ਼ਦਗੀ ਭਰਨ ਪਹੁੰਚੇ ਸੀ।
ਆਪਣੀ ਹੀ ਸਰਕਾਰ ਵਿਰੁੱਧ ਖੋਲ੍ਹਿਆ ਸੀ ਮੋਰਚਾ ਗੁਰਪ੍ਰੀਤ ਸਿੰਘ ਬੱਸੀ ਨੇ ਕੁਝ ਸਮਾਂ ਪਹਿਲਾਂ ਆਪਣੀ ਹੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ। ਲੁਧਿਆਣਾ ਜ਼ਿਲ੍ਹੇ ਦੀ ਸਿਆਸਤ ਦਾ ਕੇਂਦਰ ਬਣੇ ਬੁੱਢਾ ਦਰਿਆ ਦੀ ਸਫ਼ਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੀਂਹ ਪੱਥਰ ਰੱਖਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋਇਆ। ਇਸ ਤੋਂ ਨਾਰਾਜ਼ ਗੋਗੀ ਨੇ ਹਲਕੇ ਦੇ ਲੋਕਾਂ ਪ੍ਰਤੀ ਜਵਾਬਦੇਹੀ ਦਿਖਾਉਂਦੇ ਹੋਏ ਮੁੱਖ ਮੰਤਰੀ ਵੱਲੋਂ ਰੱਖਿਆ ਨੀਂਹ ਪੱਥਰ ਤੋੜ ਦਿੱਤਾ ਸੀ। ਜਿਸ ਤੋਂ ਬਾਅਦ ਹਾਲ ਹੀ ਵਿੱਚ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਂਚੇਵਾਲ ਵੱਲੋਂ ਬੁੱਢਾ ਦਰਿਆ ਦੀ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ