ਚੰਡੀਗੜ੍ਹ, 10 ਜਨਵਰੀ (ਹਿੰ.ਸ.)। ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਕਾਰਜਕਾਰਨੀ ਦੀ ਮੀਟਿੰਗ ‘ਚ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਹੁਣ ਅਕਾਲੀ ਦਲ ਦਾ ਪੁਨਰਗਠਨ ਕੀਤਾ ਜਾਵੇਗਾ।
ਉਨ੍ਹਾਂ ਨੇ ਪਿਛਲੇ ਸਾਲ 16 ਨਵੰਬਰ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਅਸਤੀਫਾ ਸ਼ੁੱਕਰਵਾਰ ਸ਼ਾਮ ਚੰਡੀਗੜ੍ਹ ਵਿੱਚ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਪ੍ਰਵਾਨ ਕਰ ਲਿਆ ਗਿਆ। ਸੁਖਬੀਰ ਨੇ ਉਨ੍ਹਾਂ ਦਾ ਸਾਥ ਦੇਣ ਵਾਲੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਇਸ ਸਬੰਧੀ ਇੱਕ ਕਮੇਟੀ ਬਣਾਈ ਗਈ ਹੈ ਜੋ ਨਵੇਂ ਮੈਂਬਰਾਂ ਬਣਾਵੇਗੀ।ਸੁਖਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਫੇਸਬੁੱਕ ‘ਤੇ ਪੋਸਟ ਕਰਕੇ ਲਿਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਪਲਟਣ ਬਾਰੇ ਸੋਚ ਵੀ ਨਹੀਂ ਸਕਦਾ। ਅਸੀਂ ਪਾਰਟੀ ਨੂੰ ਦਰਪੇਸ਼ ਕਾਨੂੰਨੀ ਅੜਚਣਾਂ ਅਤੇ ਪਾਰਟੀ ਦੀ ਹੋਂਦ ਨੂੰ ਖਤਰੇ ਸਬੰਧੀ ਸਿੰਘ ਸਾਹਿਬਾਨ ਦੇ ਨਾਲ ਆਪਣਾ ਪੱਖ ਰੱਖਿਆ ਹੈ, ਜਿਸ ਬਾਰੇ ਫੈਸਲਾ ਅਜੇ ਵਿਚਾਰ ਅਧੀਨ ਹੈ। ਸਿੰਘ ਸਾਹਿਬਾਨ ਵੱਲੋਂ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਪਰ ਕੁਝ ਲੋਕ ਗਲਤ ਬਿਆਨਬਾਜ਼ੀ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਦੌਰਾਨ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ 20 ਫਰਵਰੀ ਤੱਕ ਚਲਾਈ ਜਾਵੇਗੀ। ਇਸ ਤੋਂ ਬਾਅਦ 1 ਮਾਰਚ ਨੂੰ ਪਾਰਟੀ ਪ੍ਰਧਾਨ ਦੀ ਚੋਣ ਹੋਵੇਗੀ। ਸੰਗਠਨ ਵਿੱਚ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਚੋਣ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਪਾਰਟੀ ਨੇ 25 ਲੱਖ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਹੈ।
ਹਿੰਦੂਸਥਾਨ ਸਮਾਚਾਰ