ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ ਕਿ PSEB ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸਦਈਏ ਕਿ ਸਿੱਖਿਆ ਬੋਰਡ ਨੇ ਇਨ੍ਹਾਂ ਸਾਰੇ ਜਮਾਤਾਂ ਦੇ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ ਹੈ।
ਜਾਣਕਾਰੀ ਮੁਤਾਬਕ, ਇਹ ਪ੍ਰੀਖਿਆ 9.2.2025 ਤੋਂ ਸ਼ੁਰੂ ਕਰਵਾਈ ਜਾਣੀ ਹੈ। ਇਸ ਦੇ ਨਾਲ ਹੀ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 19.2.2025 ਤੋਂ 7.3.2025 ਤੱਕ, ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 10.3.2025 ਤੋਂ 4.4.2025 ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 19.2.2025 ਤੋਂ 4.4.2025 ਤੱਕ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਇਹ ਪ੍ਰੀਖਿਆ ਸਵੇਰੇ 11.00 ਵਜੇ ਹੋਵੇਗੀ। ਡੇਟਸ਼ੀਟ,ਹਦਾਇਤਾਂ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ), ਮੁਹਾਲੀ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੋਕੇਸ਼ਨਲ ਅਤੇ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (NSQF) ਵਿਸ਼ਿਆਂ ਦੀ ਪ੍ਰੈਕਟੀਕਲ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਸਰਕਾਰੀ ਸੂਚਨਾ ਅਨੁਸਾਰ ਇਹ ਪ੍ਰੈਕਟੀਕਲ ਪ੍ਰੀਖਿਆਵਾਂ 27 ਜਨਵਰੀ 2025 ਤੋਂ 4 ਫਰਵਰੀ 2025 ਤੱਕ ਰਾਜ ਦੇ ਵੱਖ-ਵੱਖ ਸਕੂਲਾਂ ਵਿੱਚ ਲਈਆਂ ਜਾਣਗੀਆਂ।
ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਇਸ ਪ੍ਰੈਕਟੀਕਲ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਅਨੁਸਾਰ ਆਪੋ-ਆਪਣੇ ਸਕੂਲਾਂ ਵਿੱਚ ਬੈਠਣਾ ਪਵੇਗਾ। ਵਿਦਿਆਰਥੀ PSEB ਦੀ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣੀ ਪ੍ਰੀਖਿਆ ਦਾ ਸਮਾਂ ਸਾਰਣੀ ਦੇਖ ਸਕਦੇ ਹਨ। PSEB ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਵੋਕੇਸ਼ਨਲ ਅਤੇ NSQF ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲ ਦੇ ਸਬੰਧਤ ਅਧਿਆਪਕਾਂ ਦੁਆਰਾ ਤਿਆਰ ਕੀਤੇ ਜਾਣਗੇ ਅਤੇ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।
NSQF ਪ੍ਰੈਕਟੀਕਲ ਪ੍ਰੀਖਿਆ ਦੀ ਨਿਗਰਾਨੀ ਸੈਕਟਰ ਸਕਿੱਲ ਕੌਂਸਲਾਂ ਦੁਆਰਾ ਕੀਤੀ ਜਾਵੇਗੀ, ਜੋ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (NSDC) ਦੇ ਅਧੀਨ ਕੰਮ ਕਰੇਗੀ। ਇਸ ਵਿਸ਼ੇ ਲਈ ਬੋਰਡ ਵੱਲੋਂ ਕੋਈ ਪ੍ਰਸ਼ਨ ਪੱਤਰ ਜਾਂ ਉੱਤਰ ਪੱਤਰੀਆਂ ਸਕੂਲਾਂ ਨੂੰ ਨਹੀਂ ਭੇਜੀਆਂ ਜਾਣਗੀਆਂ।