ਪੰਜਾਬ ਪੁਲਸ ਤਰਨਤਾਰਨ ਨੇ ਵਲਟੋਹਾ ਇਲਾਕੇ ‘ਚ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਵਿਦੇਸ਼ੀ ਮੂਲ ਦੇ ਗੈਂਗਸਟਰ ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਨਾਲ ਤਰਨਤਾਰਨ ਵਿੱਚ ਵਾਪਰੀਆਂ ਦੋ ਵੱਖ-ਵੱਖ ਗੋਲੀ ਕਾਂਡਾਂ ਦਾ ਭੇਤ ਹੱਲ ਹੋ ਗਿਆ ਹੈ।
ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨਪ੍ਰੀਤ ਸਿੰਘ ਉਰਫ਼ ਕਰਨ (ਪਿੰਡ ਤੂਤ, ਤਰਨਤਾਰਨ) ਅਤੇ ਗੁਰਲਾਲਜੀਤ ਸਿੰਘ ਉਰਫ਼ ਲਾਲੀ (ਪਿੰਡ ਭੰਗਾਲਾ, ਤਰਨਤਾਰਨ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ .32 ਬੋਰ ਦਾ ਪਿਸਤੌਲ, ਜਿੰਦਾ ਤੇ ਖਾਲੀ ਕਾਰਤੂਸ ਅਤੇ ਉਨ੍ਹਾਂ ਦਾ ਹੌਂਡਾ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ।
ਸੂਤਰਾਂ ਅਨੁਸਾਰ ਦੋਵੇਂ ਮੁਲਜ਼ਮ ਘਨਸ਼ਿਆਮਪੁਰੀਆ ਗੈਂਗ ਦੇ ਹੈਂਡਲਰ ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ ‘ਤੇ ਫਿਰੌਤੀ ਦਾ ਰੈਕੇਟ ਚਲਾ ਰਹੇ ਸਨ ਅਤੇ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਇਨ੍ਹਾਂ ਵਿੱਚੋਂ ਇੱਕ ਗੋਲੀਬਾਰੀ ਦੀ ਘਟਨਾ 1 ਜਨਵਰੀ ਨੂੰ ਪਿੰਡ ਘਰਿਆਲਾ ਦੇ ਇੱਕ ਮੈਡੀਕਲ ਸਟੋਰ ਵਿੱਚ ਵਾਪਰੀ ਸੀ, ਜਦਕਿ ਦੂਜੀ ਘਟਨਾ 2 ਦਸੰਬਰ 2024 ਨੂੰ ਵਲਟੋਹਾ ਵਿੱਚ ਵਾਪਰੀ ਸੀ, ਜਦੋਂ ਇੱਕ ਤਸਕਰ ਵੱਲੋਂ 20 ਲੱਖ ਰੁਪਏ ਦੀ ਫਿਰੌਤੀ ਲਈ ਨਿਸ਼ਾਨਾ ਬਣਾਇਆ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਤਕਨੀਕੀ ਪਹਿਲੂਆਂ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਦੀ ਪਛਾਣ ਕੀਤੀ ਹੈ। ਵਲਟੋਹਾ ਇਲਾਕੇ ਵਿੱਚ ਘੁੰਮ ਰਹੇ ਹੋਣ ਦੀ ਸੂਚਨਾ ’ਤੇ ਕਾਰਵਾਈ ਕਰਦਿਆਂ ਐਸਪੀ ਇਨਵੈਸਟੀਗੇਸ਼ਨ ਅਜੈਰਾਜ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਿਨਹਾਸ ਅਤੇ ਡੀਐਸਪੀ ਪ੍ਰੀਤ ਇੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਮੁਲਜ਼ਮਾਂ ਦਾ ਪਿੱਛਾ ਕਰਕੇ ਵਲਟੋਹਾ ਦੇ ਚੌਰਾਹੇ ’ਤੇ ਘੇਰ ਲਿਆ। ਜਦੋਂ ਮੁਲਜ਼ਮਾਂ ਨੇ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ ਤਾਂ ਪੁਲੀਸ ਨੇ ਵੀ ਆਤਮ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ।
ਤਰਨਤਾਰਨ ਦੇ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਅਭਿਮਨਿਊ ਰਾਣਾ ਨੇ ਦੱਸਿਆ ਕਿ ਜਵਾਬੀ ਗੋਲੀਬਾਰੀ ਵਿੱਚ ਕਰਨਪ੍ਰੀਤ ਅਤੇ ਗੁਰਲਾਲਜੀਤ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।
ਐਸਐਸਪੀ ਨੇ ਅੱਗੇ ਦੱਸਿਆ ਕਿ ਕਰਨਪ੍ਰੀਤ ਦਾ ਅਪਰਾਧਿਕ ਰਿਕਾਰਡ ਸੀ ਅਤੇ ਉਹ ਪੰਜਾਬ ਪੁਲਿਸ ਨੂੰ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਲਟੋਹਾ ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 109, 132, 221 ਅਤੇ ਅਸਲਾ ਐਕਟ ਦੀ ਧਾਰਾ 25 (6) (7) ਤਹਿਤ ਐਫ.ਆਈ.ਆਰ. 3 07/01/2025 ਨੂੰ ਦਰਜ ਕੀਤਾ ਗਿਆ ਹੈ।