ਢਾਕਾ, 07 ਜਨਵਰੀ (ਹਿੰ.ਸ.)। ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ (ਆਈਸੀਟੀ) ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 11 ਹੋਰਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਆਈਸੀਟੀ ਨੇ ਜਿਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤਾ ਹੈ, ਉਨ੍ਹਾਂ ਵਿੱਚ ਸਾਬਕਾ ਫ਼ੌਜੀ ਜਨਰਲ ਅਤੇ ਇੱਕ ਸਾਬਕਾ ਪੁਲਿਸ ਮੁਖੀ ਸਮੇਤ 11 ਨਾਮ ਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਤੇ ਕਥਿਤ ਤੌਰ ‘ਤੇ ਲਾਪਤਾ ਹੋਣ ਦੇ ਮਾਮਲਿਆਂ ਵਿਚ ਭੂਮਿਕਾ ਨਿਭਾਉਣ ਦਾ ਦੋਸ਼ ਹੈ।
ਆਈਸੀਟੀ ਵੱਲੋਂ ਸ਼ੇਖ ਹਸੀਨਾ ਖ਼ਿਲਾਫ਼ ਇਹ ਦੂਜਾ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਅਗਸਤ ‘ਚ ਅਵਾਮੀ ਲੀਗ ਸਰਕਾਰ ਦੇ ਖਿਲਾਫ ਵੱਡੇ ਪੱਧਰ ‘ਤੇ ਪ੍ਰਦਰਸ਼ਨਾਂ ਤੋਂ ਬਾਅਦ ਹਸੀਨਾ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ ਅਤੇ ਦੇਸ਼ ਛੱਡ ਕੇ ਭਾਰਤ ‘ਚ ਸ਼ਰਨ ਲੈਣੀ ਪਈ ਸੀ। ਉਦੋਂ ਤੋਂ ਆਈ.ਸੀ.ਟੀ ਨੇ ਉਨ੍ਹਾਂ ਦੇ ਖਿਲਾਫ ਤਿੰਨ ਕੇਸ ਦਰਜ ਕੀਤੇ ਹਨ। ਸ਼ੇਖ ਹਸੀਨਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਸਮੇਂ ਦੌਰਾਨ ਬੰਗਲਾਦੇਸ਼ ਦੇ ਸੁਰੱਖਿਆ ਕਰਮਚਾਰੀਆਂ ਨੇ ਕਥਿਤ ਤੌਰ ‘ਤੇ 500 ਤੋਂ ਵੱਧ ਲੋਕਾਂ ਨੂੰ ਅਗਵਾ ਕੀਤਾ। ਇਨ੍ਹਾਂ ਵਿੱਚੋਂ ਕੁਝ ਲੋਕ ਕਈ ਸਾਲਾਂ ਤੋਂ ਗੁਪਤ ਟਿਕਾਣਿਆਂ ‘ਤੇ ਨਜ਼ਰਬੰਦ ਸਨ।
ਆਈਸੀਟੀ ਦੇ ਇੱਕ ਅਧਿਕਾਰੀ ਨੇ ਕਿਹਾ, ‘ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਮੁਹੰਮਦ ਗੁਲਾਮ ਮੁਰਤੂਜ਼ਾ ਮਜੂਮਦਾਰ ਨੇ ਇਸਤਗਾਸਾ ਪੱਖ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਇਹ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀਪੀ) ਨੂੰ ਸ਼ੇਖ ਹਸੀਨਾ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ 12 ਫਰਵਰੀ ਨੂੰ ਟ੍ਰਿਬਿਊਨਲ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ।’’
ਸ਼ੇਖ ਹਸੀਨਾ ਦੇ ਸਾਬਕਾ ਰੱਖਿਆ ਸਲਾਹਕਾਰ ਮੇਜਰ ਜਨਰਲ (ਸੇਵਾਮੁਕਤ) ਤਾਰਿਕ ਅਹਿਮਦ ਸਿੱਦੀਕ ਅਤੇ ਸਾਬਕਾ ਆਈਜੀਪੀ ਬੇਨਜ਼ੀਰ ਅਹਿਮਦ ਸਮੇਤ ਹੋਰਨਾਂ ਨੂੰ ਜ਼ਬਰਦਸਤੀ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸਿੱਦਿਕ ਫਿਲਹਾਲ ਹਿਰਾਸਤ ‘ਚ ਹਨ, ਜਦਕਿ ਅਹਿਮਦ ਨੂੰ ਫਰਾਰ ਮੰਨਿਆ ਜਾ ਰਿਹਾ ਹੈ।’‘
ਦੱਸ ਦੇਈਏ ਕਿ ਹਾਲ ਹੀ ਵਿੱਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਲਈ ਭਾਰਤ ਸਰਕਾਰ ਨੂੰ ਇੱਕ ਡਿਪਲੋਮੈਟਿਕ ਨੋਟ ਭੇਜਿਆ ਸੀ। ਇੰਨਾ ਹੀ ਨਹੀਂ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ 23 ਦਸੰਬਰ ਨੂੰ ਕਿਹਾ ਸੀ ਕਿ ਅਸੀਂ ਇਸ ਬਾਰੇ ਭਾਰਤ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਨਿਆਂਇਕ ਉਦੇਸ਼ਾਂ ਲਈ ਸ਼ੇਖ ਹਸੀਨਾ ਦੀ ਵਾਪਸੀ ਦੀ ਬੇਨਤੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਡਿਪਲੋਮੈਟਿਕ ਨੋਟ ਰਾਹੀਂ ਜਾਣਕਾਰੀ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ