ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਰੇ ਪੁਲਸ ਅਧਿਕਾਰੀਆਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਸਖਤ ਹਿਦਾਇਤ ਜਾਰੀ ਕੀਤੀ ਹੈ। ਦੱਸਦਈਏ ਕਿ ਡੀਜੀਪੀ ਗੌਰਵ ਯਾਦਵ ਨੇ ਸਾਰੇ ਅਧਿਕਾਰੀਆਂ ਨੂੰ ਸਰਦੀ ਦੇ ਮੌਸਮ ਅਤੇ ਧੁੰਦ ਨੂੰ ਮੱਦੇਨਜਰ ਰੱਖਦੇ ਹੋਏ ਰਾਤ ਨੂੰ ਵੀ ਨਾਕਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਡੀਜੀਪੀ ਮੁਤਾਬਕ, ਰਾਤ ਦੇ ਨਾਕਿਆਂ ਵਿੱਚ ਸੀਨੀਅਰ ਅਧਿਕਾਰੀਆਂ ਦੀ ਵੀ ਚੈਕਿੰਗ ਕੀਤੀ ਜਾਵੇ। ਸੂਬੇ ‘ਚ ਆਉਣ ਵਾਲੇ ਸਾਰੇ ਰਸਤਿਆਂ ਨੂੰ ਨਾਕੇ ਲਗਾਕੇ ਸੀਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਸਾਡਾ ਮੁੱਖ ਮਕਸਦ ਹੈ ਅਤੇ ਹਰ ਇੱਕ ਵਾਹਨ ਦੀ ਬਾਖੂਬੀ ਚੈਕਿੰਗ ਕੀਤੀ ਜਾਵੇ ਅਤੇ ਕੋਈ ਵੀ ਕੁਤਾਹੀ ਨਾ ਵਰਤੀ ਜਾਵੇ। ਇਸ ਨਾਲ ਅਪਰਾਧਿਕ ਤੱਤਾਂ ਅਤੇ ਗੈਂਗਸਟਰਾਂ ‘ਤੇ ਨਜ਼ਰ ਰੱਖਣ ਵਿੱਚ ਮਦਦ ਮਿਲੇਗੀ।
ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ ਅਤੇ ਹੋਰ ਰਸਤਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਚੰਗੀ ਤਰਾਂ ਚੈਕਿੰਗ ਕੀਤੀ ਜਾਵੇਗੀ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਤੇ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਹਨ ਕਿਉਂਕਿ ਜੰਮੂ ਕਸ਼ਮੀਰ ਵਿੱਚ ਪਹਿਲਾ ਵੀ ਅੱਤਵਾਦੀ ਹਮਲੇ ਹੋ ਚੁੱਕੇ ਹਨ। ਜਿਸ ਦੇ ਮੱਦੇਨਜ਼ਰ DGP ਗੌਰਵ ਯਾਦਵ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਰਾਤ ਨੂੰ ਨਾਕਾਬੰਦੀ ਲਗਾਉਣ ਦੇ ਸਖਤ ਨਿਰਦੇਸ਼ ਦਿੱਤੇ ਹਨ।