ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਸਾਬਕਾ ਕਾਂਗਰਸੀ ਆਗੂਆਂ ਸੱਜਣ ਕੁਮਾਰ ਅਤੇ ਬਲਵਾਨ ਖੋਖਰ ਦੀ ਉਮਰ ਕੈਦ ਦੀ ਸਜ਼ਾ ਨੂੰ ਟਾਲਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਜ਼ਾ ਦੇ ਖਿਲਾਫ ਦੋਵਾਂ ਦੀ ਅਪੀਲ ‘ਤੇ ਜੁਲਾਈ ਦੇ ਅੰਤ ‘ਚ ਸੁਣਵਾਈ ਹੋਵੇਗੀ। ਜੇਕਰ ਸੁਣਵਾਈ ਨਹੀਂ ਹੁੰਦੀ ਹੈ ਤਾਂ ਦੋਵੇਂ ਸਜ਼ਾ ਮੁਲਤਵੀ ਕਰਨ ਦੀ ਬੇਨਤੀ ਕਰ ਸਕਦੇ ਹਨ।
17 ਦਸੰਬਰ 2018 ਨੂੰ ਦਿੱਲੀ ਹਾਈ ਕੋਰਟ ਨੇ ਬਲਵਾਨ ਖੋਖਰ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਾਬਕਾ ਜਲ ਸੈਨਾ ਅਧਿਕਾਰੀ ਭਾਗਮਲ ਤੋਂ ਇਲਾਵਾ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ, ਗਿਰਧਾਰੀ ਲਾਲ ਅਤੇ ਦੋ ਹੋਰਾਂ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਨੂੰ ਹਾਈ ਕੋਰਟ ਨੇ ਬਰਕਰਾਰ ਰੱਖਿਆ ਸੀ। ਸੱਜਣ ਕੁਮਾਰ ਨੇ 31 ਦਸੰਬਰ 2018 ਨੂੰ ਕੜਕੜਡੂਮਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ।