ਕਿਸਾਨ ਆਗੂਆਂ ਵੱਲੋਂ ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਸ਼ਨੀਵਾਰ ਨੂੰ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਮਹਾ ਪੰਚਾਇਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਅਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਹੁੰਗਾਰਾ ਭਰਿਆ। ਮਹਾਂਪੰਚਾਇਤ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਟਰੈਚਰ ’ਤੇ ਸਟੇਜ ’ਤੇ ਲਿਆਂਦਾ ਗਿਆ। ਇੱਥੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕੀਤਾ।
ਡੱਲੇਵਾਲ ਵੱਲੋਂ ਆਪਣੇ ਸੰਬੋਧਨ ‘ਚ ਕਿਹਾ ਗਿਆ ਕਿ ਇਹ ਸੰਘਰਸ਼ ਮੈਂ ਨਹੀਂ ਤੁਸੀਂ ਲੜ ਰਹੇ ਹੋ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਪ੍ਰਸ਼ਾਸਨ ਨੇ ਵਾਰ-ਵਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਾਮਾ ਨੇ ਸਾਡਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਰੀਰ ਰੱਬ ਦਾ ਦਿੱਤਾ ਹੋਇਆ ਹੈ, ਉਸ ਦੀ ਮਰਜ਼ੀ ਤੋਂ ਬਿਨਾਂ ਕੋਈ ਕੁੱਝ ਨਹੀਂ ਕਰ ਸਕਦਾ। ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਇਹ ਮੋਰਚਾ ਅਸੀਂ ਜਿੱਤਾਂਗੇ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ ਬੋਲਦੇ ਹੋਏ ਡੱਲੇਵਾਲ ਨੇ ਆਖਿਆ ਕਿ ਸਰਕਾਰੀ ਅੰਕੜਿਆਂ ਮੁਤਾਬਿਕ 4 ਲੱਖ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀ ਪਰ ਸੱਚ ਤਾਂ ਇਹ ਹੈ ਕਿ 4 ਲੱਖ ਨਹੀਂ ਬਲਕਿ 7 ਲੱਖ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਹ ਮੈਂ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ।
ਇਸ ਤੋਂ ਅਲਾਵਾ ਉਨ੍ਹਾਂ ਕਿਹ ਕਿ ਹੁਣ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ। ਅਸੀਂ ਸਰਕਾਰਾਂ ਨੂੰ ਬਹੁਤ ਸਮਾਂ ਦਿੱਤਾ ਪਰ ਸਾਡੀ ਗੱਲ ਨਹੀਂ ਸੁਣੀ ਗਈ। ਜਦੋਂ ਅਸੀਂ ਦਿੱਲੀ ਮੋਰਚਾ ਜਿੱਤਿਆ ਤਾਂ ਕੁੱਝ ਸੂਬਿਆਂ ਨੇ ਉਲਾਂਭਾ ਦਿੱਤਾ ਕਿ ਪੰਜਾਬ ਨੇ ਧੋਖਾ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਦਾ, ਇਸ ਲਈ ਹੁਣ ਸਮਾਂ ਆ ਗਿਆ ਕਿ ਕੁੱਝ ਵੱਡਾ ਕੀਤਾ ਜਾਵੇ ਅਤੇ ਸਰਕਾਰਾਂ ਨੂੰ ਅਪਾਣੀ ਤਾਕਤ ਦਿਖਾਈ ਜਾਵੇ। ਗੁਆਂਢੀ ਸੂਬਿਆਂ ਨੂੰ ਅਪੀਲ ਕਰਦੇ ਹੋਏ ਡੱਲੇਵਾਲ ਨੇ ਕਿਹਾ ਕਿ “ਤੁਸੀਂ ਆਪਣੇ-ਆਪਣੇ ਸੂਬਿਆਂ ‘ਚ ਵੱਡੇ ਪੱਧਰ ‘ਤੇ ਕਿਸਾਨਾਂ ਨੂੰ ਇਕੱਠਾ ਕਰੋ ਅਤੇ ਸਰਕਾਰਾਂ ਨੂੰ ਵਖ਼ਤ ਪੈ ਜਾਵੇ ਕਿ ਇਹ ਅੰਦੋਲਨ ਸਿਰਫ਼ ਪੰਜਾਬ ਨਹੀਂ, ਐਮਐਸਪੀ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਮਸਲਾ ਨਹੀਂ ਸਗੋਂ ਪੂਰੇ ਦੇਸ਼ ਦਾ ਮਸਲਾ ਹੈ”। ਡੱਲੇਵਾਲ ਨੇ ਬੋਲਦੇ ਹੋਏ ਕਿਹਾ ਕਿ “ਮੈਨੂੰ ਪਤਾ ਹੈ ਕਿ ਇਹ ਕੰਮ ਔਖਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਚੁੱਪ ਕਰਕੇ ਬੈਠੇ ਰਹੀਏ, ਇਹ ਨਹੀਂ ਹੋ ਸਕਦਾ”।
ਦਸਣਯੋਗ ਹੈ ਕਿ ਸ਼ਨੀਚਰਵਾਰ ਨੂੰ ਕਿਸਾਨ ਮਹਾਂਪੰਚਾਇਤ ‘ਚ ਸ਼ਾਮਿਲ ਹੋਣ ਲਈ ਜਾ ਰਹੀਆਂ ਕਿਸਾਨਾਂ ਦੀਆਂ ਬੱਸਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ ਸਨ। ਇਸ ਹਾਦਸੇ ‘ਚ ਜ਼ਖਮੀ ਹੋਏ ਕਿਸਾਨਾਂ ਲਈ ਉਨ੍ਹਾਂ ਨੇ ਦੁੱਖ ਪ੍ਰਗਟਾਵਾ ਕੀਤਾ। ਇਸ ਮਹਾਂਪੰਚਾਇਤ ‘ਚ ਪੁੱਜੇ ਕਿਸਾਨਾਂ ਦਾ ਉਨ੍ਹਾਂ ਨੇ ਧੰਨਵਾਦ ਕੀਤਾ।