ਭਾਰਤ ਨੇ ਬ੍ਰਹਮਪੁੱਤਰ ਨਦੀ ਦੇ ਉੱਪਰਲੇ ਹਿੱਸੇ ਵਿੱਚ ਇੱਕ ਪਣ-ਬਿਜਲੀ ਪ੍ਰੋਜੈਕਟ ਨਾਲ ਸਬੰਧਤ ਇੱਕ ਡੈਮ ਬਣਾਉਣ ਦੇ ਚੀਨ ਦੇ ਪ੍ਰਸਤਾਵ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਅਕਸਾਈ ਚਿਨ ਵਿੱਚ ਇੱਕ ਨਵੀਂ ਪ੍ਰਸ਼ਾਸਕੀ ਇਕਾਈ ਬਣਾਉਣ ਦਾ ਸਖ਼ਤ ਵਿਰੋਧ ਕੀਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਚੀਨ ਦੇ ਖੁਦਮੁਖਤਿਆਰ ਤਿੱਬਤੀ ਖੇਤਰ ‘ਚ ਬ੍ਰਹਮਪੁੱਤਰ ਨਦੀ ‘ਤੇ ਬੰਨ੍ਹ ਬਣਾਉਣ ਦੀ ਰਿਪੋਰਟ ਦਾ ਨੋਟਿਸ ਲਿਆ ਹੈ। ਨਦੀ ਦੇ ਮੂਲ ਦੇਸ਼ ਦੇ ਰੂਪ ਵਿੱਚ, ਭਾਰਤ ਕੋਲ ਪਾਣੀ ਦੀ ਵਰਤੋਂ ਬਾਰੇ ਨਿਸ਼ਚਿਤ ਅਧਿਕਾਰ ਹਨ। ਜਿਸ ਨੂੰ ਅਸੀਂ ਸਿਆਸੀ ਅਤੇ ਮਾਹਿਰ ਪੱਧਰ ‘ਤੇ ਵਾਰ-ਵਾਰ ਉਠਾਇਆ ਹੈ। ਅਸੀਂ ਚੀਨ ਨੂੰ ਆਪਣੇ ਵਿਚਾਰ ਅਤੇ ਚਿੰਤਾਵਾਂ ਤੋਂ ਜਾਣੂ ਕਰਾਇਆ ਹੈ।
ਬੁਲਾਰੇ ਨੇ ਕਿਹਾ ਕਿ ਇਸ ਪ੍ਰੋਜੈਕਟ ਸਬੰਧੀ ਪਾਰਦਰਸ਼ਤਾ ਬਣਾਈ ਰੱਖੀ ਜਾਣੀ ਚਾਹੀਦੀ ਹੈ ਅਤੇ ਦਰਿਆ ਦੇ ਹੇਠਲੇ ਪਾਸੇ ਵਾਲੇ ਦੇਸ਼ਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਭਾਰਤ ਨੇ ਚੀਨ ਨੂੰ ਅਪੀਲ ਕੀਤੀ ਹੈ ਕਿ ਉਹ ਬ੍ਰਹਮਪੁੱਤਰ ਦੇ ਹੇਠਲੇ ਹਿੱਸੇ ਵਿੱਚ ਦੇਸ਼ ਦੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਅਤੇ ਨਦੀ ਦੇ ਵਹਾਅ ਨੂੰ ਪ੍ਰਭਾਵਿਤ ਕਰਨ ਵਾਲੇ ਉਪਰਲੇ ਹਿੱਸੇ ਵਿੱਚ ਗਤੀਵਿਧੀਆਂ ਤੋਂ ਬਚੇ। ਬੁਲਾਰੇ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਆਪਣੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਉਪਾਅ ਕਰਾਂਗੇ।
ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਲੱਦਾਖ ‘ਚ ਕਬਜ਼ੇ ਵਾਲੇ ਅਕਸਾਈ ਚਿਨ ਖੇਤਰ ‘ਚ ਪ੍ਰਸ਼ਾਸਨਿਕ ਇਕਾਈਆਂ ਦੇ ਗਠਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਬੁਲਾਰੇ ਨੇ ਕਿਹਾ ਕਿ ਅਸੀਂ ਚੀਨ ਦੇ ਹੋਟਨ ਸੂਬੇ ਵਿੱਚ ਦੋ ਨਵੀਆਂ ਕਾਉਂਟੀਆਂ ਦੀ ਸਥਾਪਨਾ ਨਾਲ ਸਬੰਧਤ ਘੋਸ਼ਣਾ ਦੇਖੀ ਹੈ। ਇਹਨਾਂ ਅਖੌਤੀ ਕਾਉਂਟੀਆਂ ਦੇ ਅਧਿਕਾਰ ਖੇਤਰ ਦੇ ਕੁਝ ਹਿੱਸੇ ਲੱਦਾਖ ਦੇ ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਆਉਂਦੇ ਹਨ। ਅਸੀਂ ਇਸ ਖੇਤਰ ਵਿਚ ਭਾਰਤੀ ਖੇਤਰ ‘ਤੇ ਚੀਨ ਦੇ ਨਾਜਾਇਜ਼ ਕਬਜ਼ੇ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਹੈ। ਨਵੀਂ ਕਾਉਂਟੀ ਦੀ ਸਿਰਜਣਾ ਨਾ ਤਾਂ ਇਸ ਖੇਤਰ ‘ਤੇ ਸਾਡੀ ਪ੍ਰਭੂਸੱਤਾ ਬਾਰੇ ਭਾਰਤ ਦੀ ਲੰਬੇ ਸਮੇਂ ਦੀ ਅਤੇ ਇਕਸਾਰ ਸਥਿਤੀ ਨੂੰ ਪ੍ਰਭਾਵਤ ਕਰੇਗੀ ਅਤੇ ਨਾ ਹੀ ਚੀਨ ਦੇ ਗੈਰ-ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਨੂੰ ਜਾਇਜ਼ ਠਹਿਰਾਏਗੀ। ਅਸੀਂ ਕੂਟਨੀਤਕ ਮਾਧਿਅਮਾਂ ਰਾਹੀਂ ਚੀਨੀ ਪੱਖ ਨਾਲ ਗੰਭੀਰ ਵਿਰੋਧ ਦਰਜ ਕਰਵਾਇਆ ਹੈ।