New Delhi News: ਦਿੱਲੀ-ਐਨਸੀਆਰ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹਾਈਵੇਅ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਰੇਲ ਅਤੇ ਜਹਾਜ਼ ਰਾਹੀਂ ਸਫਰ ਕਰਨ ਵਾਲਿਆਂ ਨੂੰ ਵੀ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ, ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਅੱਜ ਸੀਤ ਲਹਿਰ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਦਿੱਲੀ ਦੇ ਅਯਾਨਗਰ ‘ਚ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਘੱਟ ਹੈ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਦੁਪਹਿਰ ਤੋਂ ਪਹਿਲਾਂ ਤੱਕ ਜ਼ਿਆਦਾਤਰ ਥਾਵਾਂ ‘ਤੇ ਸਮੌਗ ਅਤੇ ਦਰਮਿਆਨੀ ਤੋਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਬਹੁਤ ਸੰਘਣੀ ਧੁੰਦ ਵੀ ਹੋ ਸਕਦੀ ਹੈ। ਰਾਤ ਨੂੰ ਵੀ ਸਥਿਤੀ ਇਹੀ ਰਹੇਗੀ। ਦਿਨ ਵੇਲੇ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਹੋ ਸਕਦਾ ਹੈ।
24 ਟਰੇਨਾਂ ਲੇਟ
ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਇਸ ਕਾਰਨ ਰਾਜਧਾਨੀ ਤੋਂ ਆਉਣ-ਜਾਣ ਵਾਲੀਆਂ 24 ਟਰੇਨਾਂ ਦੇ ਸੰਚਾਲਨ ‘ਚ ਦੇਰੀ ਹੋਈ। ਗੱਡੀਆਂ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਘੰਟਿਆਂਬੱਧੀ ਸਟੇਸ਼ਨ ‘ਤੇ ਉਡੀਕ ਕਰਨੀ ਪੈ ਰਹੀ ਹੈ। ਰੇਲਵੇ ਮੁਤਾਬਕ ਇਹ ਦੇਰੀ ਘੱਟੋ-ਘੱਟ 84 ਅਤੇ ਵੱਧ ਤੋਂ ਵੱਧ 255 ਮਿੰਟ ਤੱਕ ਰਹੀ ਹੈ। ਦੇਰੀ ਨਾਲ ਰਵਾਨਾ ਹੋਣ ਵਾਲੀਆਂ ਟਰੇਨਾਂ ਵਿੱਚ ਦਿੱਲੀ ਸਰਾਏ ਰੋਹਿਲਾ-ਜੋਧਪੁਰ ਐਕਸਪ੍ਰੈਸ, ਸੋਗਰੀਆ ਸੁਪਰਫਾਸਟ ਐਕਸਪ੍ਰੈਸ, ਭੁਵਨੇਸ਼ਵਰ ਦੁਰੰਤੋ ਐਕਸਪ੍ਰੈਸ ਸ਼ਾਮਲ ਹਨ। ਦੇਰੀ ਨਾਲ ਦਿੱਲੀ ਪਹੁੰਚਣ ਵਾਲੀਆਂ ਟਰੇਨਾਂ ਵਿੱਚ ਫਰੱਕਾ ਐਕਸਪ੍ਰੈਸ, ਸ਼੍ਰਮ ਸ਼ਕਤੀ ਐਕਸਪ੍ਰੈਸ, ਕਾਲਿੰਦੀ ਐਕਸਪ੍ਰੈਸ, ਮਹਾਬੋਧੀ ਐਕਸਪ੍ਰੈਸ, ਪ੍ਰਯਾਗਰਾਜ ਐਕਸਪ੍ਰੈਸ ਸ਼ਾਮਲ ਹਨ। ਇਸ ਤੋਂ ਇਲਾਵਾ ਹਵਾਬਾਜ਼ੀ ਕੰਪਨੀਆਂ ਨੇ ਯਾਤਰੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਮੀਂਹ ਦੇ ਨਾਲ ਤੂਫਾਨ ਦੀ ਚੇਤਾਵਨੀ
ਆਉਣ ਵਾਲੇ ਦੋ ਦਿਨਾਂ ‘ਚ ਠੰਡ ਦਾ ਕਹਿਰ ਹੋਰ ਵਧਾ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਸਕਦੀ ਹੈ। ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ‘ਚ 8 ਜਨਵਰੀ ਤੱਕ ਧੁੰਦ ਪੈਣ ਦੀ ਸੰਭਾਵਨਾ ਹੈ, ਜਦਕਿ 6 ਜਨਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ