Kotputli: ਰਾਜਸਥਾਨ ਦੇ ਕੀਰਤਪੁਰਾ ਦੇ ਬਦਿਆਲੀ ਕੀ ਢਾਣੀ ‘ਚ 23 ਦਸੰਬਰ ਨੂੰ ਬੋਰਵੈੱਲ ‘ਚ ਡਿੱਗੀ ਤਿੰਨ ਸਾਲਾ ਚੇਤਨਾ ਨੂੰ ਬੁੱਧਵਾਰ ਸ਼ਾਮ 6:25 ਵਜੇ 10 ਦਿਨਾਂ ਦੀ ਲੰਬੀ ਜੱਦੋ-ਜਹਿਦ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਚੇਤਨਾ 170 ਫੁੱਟ ਡੂੰਘਾਈ ‘ਚ ਫੱਸ ਗਈ ਸੀ, ਉਹ 10 ਦਿਨਾਂ ਤੱਕ ਭੁੱਖੀ-ਪਿਆਸੀ ਬੋਰਵੈੱਲ ‘ਚ ਫੱਸੀ ਰਹੀ।
NDRF ਨੇ ਬੋਰਵੈੱਲ ਦੇ ਸਮਾਨਾਂਤਰ ਇੱਕ ਸੁਰੰਗ ਬਣਾ ਕੇ ਚੇਤਨਾ ਨੂੰ ਬਚਾਇਆ। ਟੀਮ ਮੁਤਾਬਕ ਜਦੋਂ ਚੇਤਨਾ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੇ ਸਰੀਰ ‘ਚ ਕੋਈ ਹਿਲਡੁਲ ਨਹੀਂ ਸੀ। NDRF ਜਵਾਨ ਮਹਾਵੀਰ ਜਾਟ ਨੇ ਚੇਤਨਾ ਨੂੰ ਚਿੱਟੇ ਕੱਪੜੇ ‘ਚ ਲਪੇਟ ਕੇ ਬਾਹਰ ਲਿਆਂਦਾ। ਇਸ ਤੋਂ ਤੁਰੰਤ ਬਾਅਦ ਚੇਤਨਾ ਨੂੰ ਐਂਬੂਲੈਂਸ ਰਾਹੀਂ ਕੋਟਪੁਤਲੀ ਦੇ ਬੀਡੀਐਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਐਨਡੀਆਰਐਫ ਦੇ ਜਵਾਨਾਂ ਨੇ ਦੱਸਿਆ ਕਿ ਚੇਤਨਾ ਦੀ ਲਾਸ਼ ਚਿੱਕੜ ਵਿੱਚ ਫਸੀ ਹੋਈ ਸੀ। ਬੋਰਵੈੱਲ ਵਿੱਚ ਦਾਖਲ ਹੋਣ ਤੋਂ ਬਾਅਦ, ਉਨ੍ਹਾਂ ਨੇ ਉਂਗਲਾਂ ਨਾਲ ਓਸਦੇ ਸਰੀਰ ਦੇ ਆਲੇ ਦੁਆਲੇ ਦੀ ਮਿੱਟੀ ਨੂੰ ਹਟਾ ਦਿੱਤਾ ਅਤੇ ਫਿਰ ਉਸਨੂੰ ਬਾਹਰ ਕੱਢਿਆ। ਪੱਥਰਾਂ ਅਤੇ ਮਿੱਟੀ ਨੂੰ ਹਟਾਉਣ ਵਿੱਚ ਬਹੁਤ ਮੁਸ਼ਕਲਾਂ ਆਈਆਂ। ਬੋਰਵੈੱਲ ਦੇ ਅੰਦਰ ਸਾਹ ਲੈਣ ‘ਚ ਦਿੱਕਤ ਆ ਰਹੀ ਸੀ ਅਤੇ ਬੋਰਵੈੱਲ ਉਥੋਂ ਮੁੜਦਾ ਸੀ ਗਿਆ ਸੀ, ਜਿੱਥੋਂ ਬੱਚੀ ਫਸੀ ਹੋਈ ਸੀ।
ਰਾਜਸਥਾਨ ਐਨਡੀਆਰਐਫ ਦੇ ਮੁਖੀ ਯੋਗੇਸ਼ ਮੀਨਾ ਨੇ ਦੱਸਿਆ ਕਿ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ ਸੀ। ਜਦੋਂ ਉਸ ਨੂੰ ਬਾਹਰ ਲਿਆਂਦਾ ਗਿਆ ਤਾਂ ਉਸ ਦੇ ਸਰੀਰ ਵਿਚ ਕੋਈ ਹਿਲਡੁਲ ਨਹੀਂ ਸੀ। ਇਸ ਤੋਂ ਪਹਿਲਾਂ ਅੱਜ ਸਵੇਰੇ 11:30 ਵਜੇ ਦੇ ਕਰੀਬ ਬਚਾਅ ਟੀਮ ਨੇ ਬੋਰਵੈੱਲ ਦੇ ਆਲੇ-ਦੁਆਲੇ ਫਿਨਾਇਲ ਅਤੇ ਕਪੂਰਰ ਦਾ ਛਿੜਕਾਅ ਕੀਤਾ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਕਾਰਨ ਪੈਦਾ ਹੋਣ ਵਾਲੀ ਬਦਬੂ ਤੋਂ ਬਚਿਆ ਜਾ ਸਕੇ।
ਬਚਾਅ ਮੁਹਿੰਮ ਦੌਰਾਨ ਪ੍ਰਸ਼ਾਸਨ ਦੀ ਯੋਜਨਾ ਅਤੇ ਯਤਨਾਂ ‘ਤੇ ਸਵਾਲ ਉਠਾਏ ਗਏ ਹਨ। ਚੇਤਨਾ ਨੂੰ ਬਚਾਉਣ ਦੀਆਂ 5 ਤੋਂ ਵੱਧ ਕੋਸ਼ਿਸ਼ਾਂ ਅਸਫਲ ਰਹੀਆਂ। ਲੜਕੀ ਪਿਛਲੇ ਅੱਠ ਦਿਨਾਂ ਤੋਂ ਕੋਈ ਹਿਲਜੁਲ ਨਹੀਂ ਕਰ ਰਹੀ ਸੀ। ਚੇਤਨਾ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।