ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ’ਤੋਂ ਪੁੱਜੀਆਂ ਲੱਖਾਂ ਸੰਗਤਾਂ ਨੇ ਨਵਾਂ ਸਾਲ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ। ਜਿਵੇਂ ਹੀ ਅੱਧੀ ਰਾਤ ਤੋਂ ਬਾਅਦ ਨਵੇਂ ਸਾਲ ਦਾ ਆਗਾਜ਼ ਹੋਇਆ ਤਾਂ ਸੰਗਤਾਂ ਨੇ ਵਾਹਿਗੁਰੂ ਸਿਮਰਨ ਕਰਦਿਆਂ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾ ਕੇ ਨਵੇਂ ਸਾਲ ਨੂੰ ਜੀ ਆਇਆ ਆਖਿਆ। ਸਰਦੀ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਲਈ ਪੁੱਜ ਰਹੀਆਂ ਹਨ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਾਲ ਦੇ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ 1 ਜਨਵਰੀ ਨੂੰ ਸਵੇਰੇ 1:30 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਪੰਜਾਬ ਹੈ। ਸਰਬੱਤ ਦੇ ਭਲੇ ਦੀ ਅਰਦਾਸ ਦੌਰਾਨ ਉਨ੍ਹਾਂ ਸਿੱਖ ਪੰਥ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਦੀ ਆਸ ਵੀ ਪ੍ਰਗਟਾਈ। ਇਸ ਦੌਰਾਨ ਠੰਡ ਦੇ ਬਾਵਜੂਦ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸਿੱਖ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕਰ ਰਹੀਆਂ ਹਨ। ਸੱਚਖੰਡ ਵਿੱਚ ਮੱਥਾ ਟੇਕਣ ਲਈ ਅੰਮ੍ਰਿਤ ਵੇਲੇ ਤੋਂ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਜਥੇਦਾਰ ਭਾਈ ਗੁਰਿੰਦਰ ਸਿੰਘ ਕਾਉਂਕੇ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵੀ ਹਾਜ਼ਰ ਸਨ।