ਅੰਮ੍ਰਿਤਸਰ ਦਿਹਾਤੀ ਪੁਲਸ ਨੇ ਬੀਤੇ ਦਿਨੀ ਐੱਚ.ਡੀ.ਐੱਫ.ਸੀ. ਬੈਂਕ ਵਿੱਚ ਹੋਈ ਲੁੱਟ ਦੀ ਗੁੱਥੀ ਸੁਲਝਾ ਲਈ ਹੈ। ਦੱਸਦਈਏ ਪੁਲਸ ਨੇ ਇਸ ਮਾਮਲੇ ‘ਚ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਹ ਦੋਸ਼ੀਆਂ ਕੋਲੋਂ ਇੱਕ ਲੱਖ ਰੁਪਏ, ਇੱਕ 32 ਬੋਰ ਰਿਵਾਲਵਰ, 5 ਜਿੰਦਾ ਕਾਰਤੂਸ, 2 ਮੋਬਾਇਲ ਫੋਨ ਅਤੇ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ 20 ਦਸੰਬਰ ਨੂੰ ਐੱਚ.ਡੀ.ਐੱਫ.ਸੀ. ਬੈਂਕ ਬਰਾਂਚ ਨਵਾਂ ਪਿੰਡ ਜੰਡਿਆਲਾ ਵਿਖੇ ਰਿਵਾਲਵਰ ਦੀ ਨੋਕ ‘ਤੇ 3 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿੱਚ ਤੁਰੰਤ ਹਰਕਤ ਵਿੱਚ ਆਉਂਦਿਆਂ ਹਰਿੰਦਰ ਸਿੰਘ ਗਿੱਲ ਐਸ.ਪੀ. ਡੀ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋਂ ਐੱਚ.ਡੀ.ਐੱਫ.ਸੀ. ਬੈਂਕ ਮੈਨੇਜਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਸੀ.ਆਈ.ਏ ਸਟਾਫ ਅਤੇ ਥਾਣਾ ਜੰਡਿਆਲਾ ਦੀਆਂ ਵੱਖ ਵੱਖ ਟੀਮਾਂ ਨੇ ਪੂਰੀ ਮਿਹਨਤ ਨਾਲ ਵੱਖ ਵੱਖ ਥਿਓਰੀਆਂ ਤੇ ਕੰਮ ਕਰਦੇ ਹੋਏ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ।