ਖਨੌਰੀ, 28 ਦਸੰਬਰ (ਹਿੰ. ਸ.)। ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ, ਹਾਲਾਂਕਿ ਮੌਕੇ ’ਤੇ ਮੌਜੂਦ ਡਾਕਟਰਾਂ ਦੀ ਟੀਮ ਡੱਲੇਵਾਲ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਤੇ ਇਸ ਸਬੰਧੀ ਸਲਾਹ ਦੇਣ ਲਈ ਮੈਡੀਕਲ ਮਾਹਿਰਾਂ ਦਾ 8 ਮੈਂਬਰੀ ਬੋਰਡ ਗਠਿਤ ਕੀਤਾ ਹੈ। ਇਸ ਬੋਰਡ ਦੀ ਅਗਵਾਈ ਸਰਕਾਰੀ ਰਾਜਿੰਦਰ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਕਰਨਗੇ।ਇਸ ਤੋਂ ਇਲਾਵਾ ਮੈਡੀਸਨ ਸਪੈਸ਼ਲਿਸਟ ਪ੍ਰੋਫੈਸਰ ਅਸ਼ੀਸ਼ ਭਗਤ, ਸਰਜਰੀ ਪ੍ਰੋਫੈਸਰ ਵਿਕਾਸ ਗੋਇਲ, ਐਨੇਸਥੀਸੀਆ ਡਾ. ਲਲਿਤ ਗਰਗ, ਕਾਰਡੀਓਲੋਜਿਸਟ ਡਾ. ਸੌਰਭ ਸ਼ਰਮਾ, ਨਿਊਰੋ ਸਰਜਨ ਡਾ. ਹਰੀਸ਼ ਕੁਮਾਰ ਅਤੇ ਯੂਰੋਲਾਜਿਸਟ ਡਾ. ਹਰਭੁਪੇਂਦਰ ਸਿੰਘ ਨੂੰ ਇਸ ਬੋਰਡ ਵਿਚ ਸ਼ਾਮਿਲ ਕੀਤਾ ਗਿਆ ਹੈ | ਇਹ ਸਾਰੇ ਡਾਕਟਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨਾਲ ਸਬੰਧਤ ਹਨ। ਇਨ੍ਹਾਂ ਤੋਂ ਇਲਾਵਾ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਪਟਿਆਲਾ ਦੇ ਆਰਥੋਪੈਡਿਸਟ ਡਾ. ਦਿਲਮੋਹਨ ਨੂੰ ਵੀ ਇਸ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਵੇਂ ਅੱਜ ਡੱਲੇਵਾਲ ਨੂੰ ਖਨੌਰੀ ’ਚ ਕਿਸੇ ਵੀ ਵੱਡੇ ਸਿਆਸੀ ਆਗੂ ਨਾਲ ਮਿਲਣ ਦੀ ਕੋਈ ਯੋਜਨਾ ਨਹੀਂ ਹੈ ਪਰ ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਡੱਲੇਵਾਲ ਦਿਨ ਦੇ ਕਿਸੇ ਵੀ ਸਮੇਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਪਰੀਮ ਕੋਰਟ ਨਾਲ ਗੱਲ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ