Bathinda News: ਪੰਜਾਬ ਦੇ ਬਠਿੰਡਾ ‘ਚ ਅੱਜ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਬੱਸ ਪੁੱਲ ਤੋਂ ਹੇਠਾਂ ਸਿੱਧਾ ਗੰਦੇ ਪਾਣੀ ‘ਚ ਡਿੱਗੀ। ਡਿਪਟੀ ਕਮਿਸ਼ਨਰ ਬਠਿੰਡਾ ਅਨੁਸਾਰ 8 ਲੋਕਾਂ ਦੀ ਮੌਤ ਹੋ ਗਈ ਹੈ। ਅਜੇ ਤੱਕ ਹਾਦਸੇ ਵਿੱਚ ਇੱਕ ਲੜਕੀ ਦੀ ਪਛਾਣ ਹੋਈ ਹੈ, ਜੋ ਕਿ ਤਲਵੰਡੀ ਸਾਬੋ ਦੇ ਇੱਕ ਨਿੱਜੀ ਕਾਲਜ ਦੀ ਵਿਦਿਆਰਥਣ ਰਵਨੀਤ ਕੌਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਹਾਦਸਾ ਤੇਜ਼ ਬਾਰਸ਼ ਕਾਰਨ ਪੁਲ ‘ਤੇ ਚਿੱਕੜ ਹੋਣ ਕਾਰਨ ਵਾਪਰਿਆ। ਨਤੀਜੇ ਵਜੋਂ ਪੁਲ ਤੋਂ ਜਦੋਂ ਸਵਾਰੀਆਂ ਨਾਲ ਭਰੀ ਇਹ ਪ੍ਰਾਈਵੇਟ ਬੱਸ ਲੰਘਣ ਲੱਗੀ ਤਾਂ ਬੇਕਾਬੂ ਹੋ ਕੇ ਰੇਲਿੰਗ ਨਾ ਹੋਣ ਕਾਰਨ ਸਿੱਧਾ ਗੰਦੇ ਨਾਲ ਵਿੱਚ ਜਾ ਡਿੱਗੀ। ਬੱਸ ਡਿੱਗਣ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਅਤੇ ਰੋਲਾ ਪੈਣ ਲੱਗਿਆ, ਤਾਂ ਆਸ ਪਾਸ ਦੇ ਲੋਕਾਂ ਨੇ ਰੋਲਾ ਸੁਣ ਕੇ ਤੁਰੰਤ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਇੱਕ-ਇੱਕ ਕਰਕੇ ਸਵਾਰੀਆਂ ਨੂੰ ਕੱਢਣਾ ਸ਼ੁਰੂ ਕੀਤਾ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਰਦੂਲਗੜ੍ਹ ਤੋਂ ਬਠਿੰਡਾ ਨੂੰ ਆ ਰਹੀ ਇੱਕ ਪ੍ਰਾਈਵੇਟ ਬੱਸ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਗੰਦੇ ਨਾਲੇ ਵਿੱਚ ਡਿੱਗੀ। ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪਾਰਟੀਆਂ ਮੌਕੇ ‘ਤੇ ਹੀ ਤੁਰੰਤ ਘਟਨਾ ਵਾਲੇ ਸਥਾਨ ‘ਤੇ ਪਹੁੰਚੀਆਂ ਅਤੇ ਐਨਡੀਆਰਐਫ ਅਤੇ ਲੋਕਲ ਵਲੰਟੀਅਰਾਂ ਦੇ ਸਹਿਯੋਗ ਨਾਲ ਹਾਦਸਾ ਗ੍ਰਸਤ ਬੱਸ ‘ਚੋਂ ਮੁਸਾਫਰਾਂ ਨੂੰ ਬਚਾਇਆ ਗਿਆ।
ਡਿਪਟੀ ਕਮਿਸ਼ਨਰ ਮੁਤਾਬਕ 46 ਮੁਸਾਫ਼ਿਰ ਬੱਸ ਹਾਦਸੇ ਦੀ ਲਪੇਟ ਵਿੱਚ ਆਏ ਹਨ, ਜਿਨਾਂ ਵਿੱਚੋਂ ਅੱਠ ਵਿਅਕਤੀਆਂ ਨੂੰ ਮ੍ਰਿਤਕ ਐਲਾਨਿਆ ਗਿਆ, ਜਦਕਿ ਬਾਕੀਆਂ ਨੂੰ ਤਲਵੰਡੀ ਸਾਬੋ ਅਤੇ ਜਿਲ੍ਹਾ ਹਸਪਤਾਲ ਬਠਿੰਡਾ ਵਿਖੇ ਜੇਰੇ ਇਲਾਜ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਦਾ ਹਾਲੇ ਪਤਾ ਨਹੀਂ ਲਗਾਇਆ। ਜਦੋਂ ਵੀ ਕੁਜ ਪਤਾ ਚੱਲੇਗਾ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਬਲਿਕ ਦੀ ਸੁਵਿਧਾ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।
ਕੰਟਰੋਲ ਰੂਮ ਮੋਬਾਇਲ ਨੰਬਰ
97801-00498 ਅਤੇ 96468-15951