New Delhi: ਹੁਣ ਗਣਤੰਤਰ ਦਿਵਸ, ਬੀਟਿੰਗ ਰੀਟ੍ਰੀਟ ਸੈਰੇਮਨੀ ਅਤੇ ਸੁਤੰਤਰਤਾ ਦਿਵਸ ਜਿਹੇ ਰਾਸ਼ਟਰੀ ਤਿਓਹਾਰਾਂ ਦੀ ਜਾਣਕਾਰੀ ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਉਪਲਬਧ ਹੋਵੇਗੀ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਬੁੱਧਵਾਰ ਨੂੰ ‘ਗੁਡ ਗਵਰਨੈਂਸ ਡੇ’ ‘ਤੇ ਇਸਦੇ ਲਈ ‘ਰਾਸ਼ਟਰ ਪਰਵ’ ਵੈੱਬਸਾਈਟ ਅਤੇ ਇਸਦੀ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ‘ਤੇ ਸ਼ੁਰੂ ਕੀਤੀ ਗਈ ਇਸ ਵੈਬਸਾਈਟ ਰਾਹੀਂ ਪ੍ਰੋਗਰਾਮਾਂ ਦੇ ਲਾਈਵ ਟੈਲੀਕਾਸਸ, ਟਿਕਟਾਂ ਦੀ ਖਰੀਦ, ਬੈਠਣ ਦੀ ਵਿਵਸਥਾ ਅਤੇ ਰੂਟ-ਮੈਪ ਆਦਿ ਦੀ ਜਾਣਕਾਰੀ ਮਿਲੇਗੀ।
ਇਸ ਮੌਕੇ ਰੱਖਿਆ ਸਕੱਤਰ ਨੇ ਕਿਹਾ ਕਿ ਰੱਖਿਆ ਮੰਤਰਾਲੇ ਨੇ ‘ਰਾਸ਼ਟਰ ਪਰਵ’ ਵੈੱਬਸਾਈਟ ਅਤੇ ਮੋਬਾਈਲ ਐਪ ਤਿਆਰ ਕੀਤੀ ਹੈ, ਜਿਸ ਵਿੱਚ ਝਾਂਕੀ ਦੇ ਪ੍ਰਸਤਾਵਾਂ ਅਤੇ ਪ੍ਰੋਗਰਾਮਾਂ ਨਾਲ ਸਬੰਧਤ ਜਾਣਕਾਰੀ ਹੋਵੇਗੀ। ਵੈੱਬਸਾਈਟ ‘ਤੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਮੰਤਰਾਲਿਆਂ ਅਤੇ ਵਿਭਾਗਾਂ ਲਈ ਗਣਤੰਤਰ ਦਿਵਸ ਪਰੇਡ ਲਈ ਆਪਣੀ ਝਾਂਕੀ ਨੂੰ ਡਿਜ਼ਾਈਨ ਕਰਨ ਅਤੇ ਅੰਤਿਮ ਰੂਪ ਦੇਣ ਲਈ ਝਾਂਕੀ ਪ੍ਰਬੰਧਨ ਪੋਰਟਲ ਵੀ ਹੋਵੇਗਾ। ਰੱਖਿਆ ਮੰਤਰਾਲੇ ਨੇ ਰਾਜਾਂ ਨਾਲ ਸਲਾਹ ਕਰਕੇ ਇਹ ਵੈਬਸਾਈਟ ਅਤੇ ਮੋਬਾਈਲ ਐਪਲੀਕੇਸ਼ਨ ਬਣਾਈ ਹੈ, ਕਿਉਂਕਿ ਰਾਜਾਂ ਨੇ ਝਾਂਕੀ ਡਿਜ਼ਾਈਨ ਡੇਟਾ ਦੇ ਪ੍ਰਬੰਧਨ ਲਈ ਪੋਰਟਲ ਦਾ ਸੁਝਾਅ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗਣਤੰਤਰ ਦਿਵਸ ਸਮਾਰੋਹ ਦੇ ਦਰਸ਼ਕਾਂ ਨੇ ਫੀਡਬੈਕ ਵਿੱਚ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਨੂੰ ਪ੍ਰੋਗਰਾਮ, ਪਰੇਡ, ਝਾਕੀ ਆਦਿ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਲਈ ਇਨ੍ਹਾਂ ਸਾਰੇ ਸੁਝਾਵਾਂ ਨੂੰ ਸ਼ਾਮਲ ਕਰਕੇ ਰਾਸ਼ਟਰ ਪਰਵ ਦੀ ਵੈੱਬਸਾਈਟ ਤਿਆਰ ਕੀਤੀ ਗਈ ਹੈ- https://rashtraparv.mod.gov.in। ਮੋਬਾਈਲ ਐਪ ਸਰਕਾਰੀ ਐਪ ਸਟੋਰ (ਐਮ-ਸੇਵਾ) ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਹਿੰਦੂਸਥਾਨ ਸਮਾਚਾਰ